ਆਤਿਸ਼ ਗੁਪਤਾ
ਚੰਡੀਗੜ੍ਹ, 2 ਅਪਰੈਲ
ਸਿਟੀ ਬਿਊਟੀਫੁੱਲ ਵਿੱਚ ਪੈਟਰੋਲ/ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਤੋਂ ਬਾਅਦ ਸੀਐੱਨਜੀ ਦੀਆਂ ਕੀਮਤਾਂ ਵਿੱਚ ਅਸਮਾਨ ’ਤੇ ਪਹੁੰਚ ਗਈਆਂ ਹਨ। ਅੱਜ ਸੀਐੱਨਜੀ ਦੀ ਕੀਮਤ ਵਿੱਚ 9.60 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਇਸ ਵਾਧੇ ਤੋਂ ਬਾਅਦ ਸੀਐੱਨਜੀ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ ਹੈ। ਸੀਐੱਨਜੀ ਕੀਮਤ ਵਧਣ ਦੇ ਨਾਲ ਹੀ ਸ਼ਹਿਰ ਵਿੱਚ ਕੈਬ ਅਤੇ ਆਟੋ ਦੇ ਕਿਰਾਏ ’ਤੇ ਵੀ ਅਸਰ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਜ਼ਿਆਦਾਤਰ ਕੈਬ ਅਤੇ ਆਟੋ ਰਿਕਸ਼ਾ ਸੀਐੱਨਜੀ ’ਤੇ ਚੱਲ ਰਹੇ ਹਨ। ਸੀਐੱਨਜੀ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਰਕੇ ਕੈਬ ਅਤੇ ਆਟੋ ਰਿਕਸ਼ਾ ਚਾਲਕ ਵੀ ਕਿਰਾਏ ਵਿੱਚ ਵਾਧਾ ਕਰ ਸਕਦੇ ਹਨ। ਸਟੇਟ ਟਰਾਂਸਪੋਰਟ ਅਥਾਰਟੀ ਅਨੁਸਾਰ ਸ਼ਹਿਰ ਵਿੱਚ ਇੱਕ ਹਜ਼ਾਰ ਆਟੋ ਰਿਕਸ਼ਾ ਸੀਐੱਨਜੀ ’ਤੇ ਚੱਲ ਰਹੇ ਹਨ ਪਰ ਇਨ੍ਹਾਂ ਦੀ ਅਸਲ ਗਿਣਤੀ ਕਈ ਗੁਣਾ ਜ਼ਿਆਦਾ ਹੈ। ਗੌਰਤਲਬ ਹੈ ਕਿ ਸ਼ਹਿਰ ਵਾਸੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਹੁਣ ਸੀਐੱਨਜੀ ਦੀ ਕੀਮਤ ਵਧਣ ਕਰਕੇ ਲੋਕਾਂ ਨੂੰ ਆਵਾਜਾਈ ਦੌਰਾਨ ਵੀ ਜੇਬ ’ਤੇ ਵੱਧ ਬੋਝ ਪੈਣ ਵਾਲਾ ਹੈ। ਦੱਸਣਯੋਗ ਹੈ ਕਿ ਸ਼ਹਿਰ ਵਿੱਚ ਪਹਿਲਾਂ ਹੀ ਸਟੇਟ ਟਰਾਂਸਪੋਰਟ ਅਥਾਰਟੀ ਕੈਬ ਅਤੇ ਆਟੋ ਰਿਕਸ਼ਾ ਚਾਲਕਾਂ ਦੇ ਕਿਰਾਏ ਵਿੱਚ ਵਾਧਾ ਕਰ ਚੁੱਕੇ ਹਨ। ਹੁਣ ਲਗਾਤਾਰ ਸੀਐੱਨਜੀ ਦੀ ਕੀਮਤ ਵਿੱਚ ਹੋ ਰਹੇ ਵਾਧੇ ਕਰਕੇ ਕੈਬ ਅਤੇ ਆਟੋ ਰਿਕਸ਼ਾ ਦਾ ਕਿਰਾਇਆ ਹੋਰ ਵਧ ਸਕਦਾ ਹੈ।