ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 18 ਜੁਲਾਈ
ਯੂਟੀ ਦੇ ਸਿੱਖਿਆ ਵਿਭਾਗ ਨੇ ਅੱਜ ਚੰਡੀਗੜ੍ਹ ਵਿਚ ਨਿੱਜੀ ਸਕੂਲਾਂ ਤੇ ਕੋਚਿੰਗ ਸੈਂਟਰਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਯੂਟੀ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਵਿਦਿਆਰਥੀਆਂ ਦੀ 75 ਫੀਸਦੀ ਹਾਜ਼ਰੀ ਯਕੀਨੀ ਬਣਾਉਣ। ਇਸ ਤੋਂ ਇਲਾਵਾ ਕੋਚਿੰਗ ਸੰਸਥਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਸਵੇਰ ਦੀਆਂ ਸ਼ਿਫਟਾਂ ਵਿਚ ਪੜ੍ਹਦੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸ਼ਾਮ ਵਾਲੀਆਂ ਸ਼ਿਫਟਾਂ ਵਿਚ ਬਦਲਣ।
ਇਹ ਹੁਕਮ ਡਾਇਰੈਕਟਰ ਸਕੂਲ ਐਜੂਕੇਸ਼ਨ ਨੇ ਅੱਜ ਕੋਚਿੰਗ ਸੈਂਟਰਾਂ ਦੇ ਮਾਲਕਾਂ ਨਾਲ ਮੀਟਿੰਗ ਕਰਦਿਆਂ ਦਿੱਤੇ। ਉਨ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਵੀ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਆਪਣੇ ਸਕੂਲਾਂ ਵਿਚ ਇਸ ਇਵਜ਼ ਵਿਚ ਦਾਖਲ ਨਾ ਕਰਨ ਕਿ ਉਹ ਉਨ੍ਹਾਂ ਦੀ ਸਕੂਲ ਵਿਚ ਹਾਜ਼ਰੀ ਪੂਰੀ ਕਰਨਗੇ ਤੇ ਉਨ੍ਹਾਂ ਨੂੰ ਬਾਰ੍ਹਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਬੈਠਣ ਦੇ ਮੌਕੇ ਮੁਹੱਈਆ ਕਰਵਾਉਣਗੇ। ਡਾਇਰੈਕਟਰ ਨੇ ਦੱਸਿਆ ਕਿ ਸਕੂਲ ਸਮੇਂ ਚਲਦੇ ਕੋਚਿੰਗ ਸੈਂਟਰਾਂ ਕਾਰਨ ਵਿਦਿਆਰਥੀ ਸਕੂਲ ਦੀ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ ਜਿਸ ਕਾਰਨ ਉਨ੍ਹਾਂ ਦੇ ਨਤੀਜੇ ਪ੍ਰਭਾਵਿਤ ਹੁੰਦੇ ਹਨ।
ਪ੍ਰਾਈਵੇਟ ਸਕੂਲਾਂ ਦੀ ਆਨਲਾਈਨ ਹਾਜ਼ਰੀ ਲਾਉਣ ਦੀ ਯੋਜਨਾ
ਡਾਇਰੈਕਟਰ ਸਕੂਲ ਹਰਸੁਹਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਸਕੂਲਾਂ ਦੀ ਆਨਲਾਈਨ ਹਾਜ਼ਰੀ ਲਾਉਣ ਲਈ ਸਾਫਟਵੇਅਰ ਤਿਆਰ ਕਰਵਾਇਆ ਹੈ ਜੋ ਇਸ ਵੇਲੇ ਵਿਦਿਆਰਥੀਆਂ ਦੀ ਹਾਜ਼ਰੀ ਦਾ ਪੂਰਾ ਰਿਕਾਰਡ ਰੱਖ ਰਿਹਾ ਹੈ। ਉਨ੍ਹਾਂ ਨੇ ਆਪਣੇ ਵਿਭਾਗ ਨੂੰ ਕਿਹਾ ਹੈ ਕਿ ਪ੍ਰਾਈਵੇਟ ਸਕੂਲਾਂ ਵਿਚ ਵੀ ਅਜਿਹਾ ਸਾਫਟਵੇਅਰ ਤਿਆਰ ਕਰਨ ਦੀ ਯੋਜਨਾ ਬਣਾਈ ਜਾਵੇ ਤਾਂ ਕਿ ਸਕੂਲ ਡੰਮੀ ਦਾਖਲੇ ਨਾ ਕਰ ਸਕਣ। ਅੱਜ ਮੀਟਿੰਗ ਦੌਰਾਨ ਕੋਚਿੰਗ ਸੈਂਟਰਾਂ ਦੇ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਪਹਿਲਾਂ ਹੀ ਸ਼ਾਮ ਦੀ ਸ਼ਿਫਟ ਵਿਚ ਤਬਦੀਲ ਕਰ ਲਏ ਹਨ ਤੇ ਸਵੇਰ ਦੀਆਂ ਕਲਾਸਾਂ ਵਿਚ ਬਾਰ੍ਹਵੀਂ ਜਮਾਤ ਪਾਸ ਵਿਦਿਆਰਥੀਆਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾ ਰਹੀ ਹੈ। ਯੂਟੀ ਕੇਡਰ ਐਜੂਕੇਸ਼ਨ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਕਿਹਾ ਕਿ ਹਾਜ਼ਰੀ ਸਬੰਧੀ ਨਿਯਮ ਪ੍ਰਾਈਵੇਟ ਸਕੂਲਾਂ ’ਤੇੇ ਸਖਤੀ ਨਾਲ ਲਾਗੂ ਕੀਤੇ ਜਾਣ।