ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਦਸੰਬਰ
ਟਰਾਈਸਿਟੀ ਵਿੱਚ ਹਾਲ ਹੀ ਵਿੱਚ ਪਏ ਮੀਂਹ ਕਾਰਨ ਇਲਾਕੇ ਵਿੱਚ ਠੰਢ ਵੱਧ ਗਈ ਹੈ ਅਤੇ ਅੱਜ ਸੰਘਣੀ ਧੁੰਦ ਕਾਰਨ ਸੂਰਜ ਵੀ ਦਿਖਾਈ ਨਹੀਂ ਦਿੱਤਾ। ਐਤਵਾਰ ਦਾ ਦਿਨ ਚੰਡੀਗੜ੍ਹ ਵਿੱਚ ਇਸ ਸੀਜ਼ਨ ਦੀਆਂ ਸਰਦੀਆਂ ਦਾ ਸਭ ਤੋਂ ਠੰਢਾ ਦਿਨ ਰਿਹਾ ਅਤੇ ਤਾਪਮਾਨ ਆਮ ਦਿਨਾਂ ਨਾਲੋਂ 7 ਡਿਗਰੀ ਸੈਲੀਅਸ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਠੰਢ ਦਾ ਜ਼ੋਰ ਹੋਰ ਵਧਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 14 ਡਿਗਰੀ ਸੈਲੀਅਸ ਦਰਜ ਕੀਤਾ ਗਿਆ ਅਤੇ ਘੱਟ ਤੋਂ ਘੱਟ ਤਾਪਮਾਨ 12 ਡਿਗਰੀ ਸੈਲੀਅਸ ਦਰਜ ਕੀਤਾ ਗਿਆ। ਅੱਜ ਸਵੇਰ ਤੋਂ ਪਈ ਸੰਘਣੀ ਧੁੰਦ ਕਰਕੇ ਜਨ-ਜੀਵਨ ਵਿੱਚ ਵਿਘਨ ਪਿਆ। ਧੁੰਦ ਇੰਨੀ ਸੰਘਣੀ ਸੀ ਕਿ ਸਵੇਰੇ ਸ਼ਹਿਰ ਦੀਆਂ ਸੜਕਾਂ ’ਤੇ ਟਰੈਫਿਕ ’ਚ ਵਿਘਨ ਪਿਆ। ਠੰਢ ਦੇ ਬਾਵਜੂਦ ਲੋਕਾਂ ਨੇ ਝੀਲ ਵੱਲ ਵਹੀਰਾਂ ਘੱਤੀਆਂ।