ਮੁਕੇਸ਼ ਕੁਮਾਰ
ਚੰਡੀਗੜ੍ਹ, 17 ਦਸੰਬਰ
ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਪਈ ਬਰਫ਼ਬਾਰੀ ਕਾਰਨ ਸ਼ਹਿਰ ਦੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਸੀਤ ਲਹਿਰ ਨੇ ਵੀ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਤਾਪਮਾਨ ਵੱਧ ਤੋਂ ਵੱਧ 15 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਤਾਪਮਾਨ ਵਿੱਚ 18 ਦਸੰਬਰ ਨੂੰ ਵੀ ਗਿਰਾਵਟ ਜਾਰੀ ਰਹੇਗੀ ਅਤੇ ਠੰਢ ਹੋਰ ਵੀ ਵਧਣ ਦੀ ਉਮੀਦ ਹੈ। ਇਸ ਤੋਂ ਬਾਅਦ 19 ਦਸੰਬਰ ਨੂੰ ਮੌਸਮ ਸਾਫ ਹੋਣ ਤੇ ਤਾਪਮਾਨ ਵਿੱਚ ਵਾਧਾ ਹੋਣ ’ਤੇ ਠੰਢ ਤੋਂ ਕੁਝ ਰਾਹਤ ਮਿਲ ਸਕਦੀ ਹੈ। ਸ਼ਹਿਰ ਵਿੱਚ ਅੱਜ ਹਲਕੀ ਧੁੱਪ ਦੇ ਨਾਲ ਨਾਲ ਸਵੇਰ ਸ਼ਾਮ ਹਲਕੀ ਧੁੰਦ ਦੀ ਚਾਦਰ ਵੀ ਵਿਛੀ ਰਹੀ। ਮੌਸਮ ਵਿਭਾਗ ਅਨੁਸਾਰ 19 ਦਸੰਬਰ ਤੋਂ ਬਾਅਦ ਮੌਸਮ ਸਾਫ ਹੋਣ ਤੋਂ ਬਾਅਦ ਤਾਪਮਾਨ ਵਿੱਚ ਕੁਝ ਵਾਧਾ ਹੋਣ ਦੀ ਉਮੀਦ ਹੈ ਅਤੇ ਇਸ ਤੋਂ ਬਾਅਦ 22 ਦਸੰਬਰ ਨੂੰ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ।