ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੂਨ
ਇਥੋਂ ਦੇ ਕਾਲਜਾਂ ਵਿਚ ਯੂਨੀਵਰਸਿਟੀ ਵਲੋਂ 33 ਫੀਸਦੀ ਲੈਕਚਰਾਰ ਸੱਦਣ ਦੇ ਹੁਕਮਾਂ ’ਤੇ ਅਮਲ ਨਹੀਂ ਹੋ ਰਿਹਾ। ਸਰਕਾਰੀ ਕਾਲਜਾਂ ਦੇ ਵੱਡੀ ਗਿਣਤੀ ਲੈਕਚਰਾਰਾਂ ਨੇ ਆਪਣੇ ਪ੍ਰਿੰਸੀਪਲਾਂ ’ਤੇ ਦੋਸ਼ ਲਾਏ ਹਨ ਕਿ ਕਾਲਜ ਵਿਚ ਸੌ ਫੀਸਦੀ ਸਟਾਫ ਸੱਦਿਆ ਜਾ ਰਿਹਾ ਹੈ ਤੇ ਕਈ ਜਣਿਆਂ ਨੂੰ ਨਾਜਾਇਜ਼ ਤੰਗ ਕੀਤਾ ਜਾ ਰਿਹਾ ਹੈ। ਇਥੋਂ ਦੇ ਇਕ ਕਾਲਜ ਦੇ ਲੈਕਚਰਾਰਾਂ ਨੇ ਅੱਜ ਡਾਇਰੈਕਟਰ ਹਾਇਰ ਐਜੂਕੇਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ। ਡਾਇਰੈਕਟਰ ਨੇ ਵੀ 19 ਜੂਨ ਨੂੰ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਸੱਦ ਲਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਲਕੇ ਹੋਣ ਵਾਲੀ ਮੀਟਿੰਗ ਵਿਚ ਸਾਰੇ ਪ੍ਰਿੰਸੀਪਲਾਂ ਦੇ ਵਿਚਾਰ ਵੀ ਜਾਣੇ ਜਾਣਗੇ ਤੇ ਕਾਲਜਾਂ ਵਿਚ 50 ਫੀਸਦੀ ਲੈਕਚਰਾਰ ਹੀ ਸੱਦਣ ਬਾਰੇ ਫੈਸਲਾ ਹੋਵੇਗਾ। ਡਾਇਰੈਕਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਖਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਸ ਮਾਮਲੇ ਬਾਰੇ ਉਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਹਨ ਤੇ ਉਨ੍ਹਾਂ ਚੰਡੀਗੜ੍ਹ ਦੇ ਸਾਰੇ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਭਲਕੇ ਮੀਟਿੰਗ ਸੱਦ ਲਈ ਹੈ।