ਮੁਕੇਸ਼ ਕੁਮਾਰ
ਚੰਡੀਗੜ੍ਹ, 1 ਅਪਰੈਲ
ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿਤਰਾ ਵੱਲੋਂ ਅੱਜ ਇੱਥੋਂ ਦੇ ਸੈਕਟਰ 44 ਦਾ ਦੌਰਾ ਕਰ ਕੇ ਇਲਾਕੇ ਵਿੱਚ ਜਾਰੀ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਅਤੇ ਸੈਕਟਰ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਇਲਾਕੇ ਵਿੱਚ ਪਾਰਕਾਂ ਤੇ ਸੜਕਾਂ ਦੀਆਂ ਬਰਮਾਂ ਦੀ ਖਸਤਾ ਹਾਲਤ ਤੋਂ ਇਲਾਵਾ ਹੋਰ ਸਮੱਸਿਆਵਾਂ ਦੇਖ ਕੇ ਨਿਗਮ ਕਮਿਸ਼ਨਰ ਪ੍ਰੇਸ਼ਾਨ ਹੋ ਗਈ ਅਤੇ ਉਨ੍ਹਾਂ ਇਸ ਦੌਰੇ ਦੌਰਾਨ ਨਗਰ ਨਿਗਮ ਦੇ ਅਧਿਕਾਰੀਆਂ ਦੀ ਖਿਚਾਈ ਕਰ ਦਿੱਤੀ ਅਤੇ ਸਬੰਧਤ ਅਧਿਕਾਰੀਆਂ ਨੂੰ ਇਲਾਕੇ ਦੀਆਂ ਸਮੱਸਿਆਵਾਂ ਛੇਤੀ ਤੋਂ ਛੇਤੀ ਹੱਲ ਕਰਨ ਲਈ ਕਿਹਾ।
ਅੱਜ ਸਵੇਰੇ ਕਰੀਬ 6.30 ਵਜੇ ਨਗਰ ਨਿਗਮ ਦੇ ਚੀਫ ਇੰਜਨੀਅਰ ਸਮੇਤ ਸਾਰੇ ਸੀਨੀਅਰ ਅਧਿਕਾਰੀਆਂ ਦੀ ਟੀਮ ਨਾਲ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਸੈਕਟਰ 44 ਦੇ ਵੱਖ ਵੱਖ ਇਲਾਕਿਆਂ ਦਾ ਪੈਦਲ ਦੌਰਾ ਕੀਤਾ। ਉਨ੍ਹਾਂ ਆਪਣੇ ਇਸ ਦੌਰੇ ਦੌਰਾਨ ਸੈਕਟਰ 44 ਦੇ ਕਮਿਊਨਿਟੀ ਸੈਂਟਰ ਦੇ ਨਵੀਨੀਕਰਨ ਲਈ ਉਚਿਤ ਯੋਜਨਾ ਅਤੇ ਅਨੁਮਾਨ ਤਿਆਰ ਕਰਨ ਲਈ ਨਿਗਮ ਦੇ ਐੱਸਈ (ਬੀਐਂਡਆਰ) ਨੂੰ ਆਦੇਸ਼ ਦਿੱਤੇ ਅਤੇ ਬਾਗਬਾਨੀ ਵਿਭਾਗ ਦੇ ਐੱਸਈ ਨੂੰ ਹਦਾਇਤ ਕੀਤੀ ਕਿ ਉਹ ਇਲਾਕੇ ਨੂੰ ਇੱਕ ਹਰਾ-ਭਰਿਆ ਖੇਤਰ ਬਣਾਉਣ ਸਮੇਤ ਸ਼ਹਿਰ ਦੇ ਕਮਿਊਨਿਟੀ ਸੈਂਟਰਾਂ ਅੰਦਰਲੇ ਪਾਰਕਾਂ ਨੂੰ ਸੁੰਦਰ ਲੈਂਡਸਕੇਪ ਬਣਾਉਣ ਲਈ ਨੀਤੀ ਬਣਾਉਣ। ਕਮਿਸ਼ਨਰ ਨੇ ਸੈਕਟਰ 44 ਦੇ ਪਾਰਕਾਂ ਵਿੱਚ ਪੱਤਿਆਂ ਨਾਲ ਭਰੇ ਟੋਇਆਂ ਸਣੇ ਇਲਾਕੇ ਵਿੱਚ ਕਈ ਥਾਂ ’ਤੇ ਹੋ ਰਹੀ ਪਾਣੀ ਦੀ ਲੀਕੇਜ ਅਤੇ ਸੜਕਾਂ ਕੰਢੇ ਖੁੱਲ੍ਹੇ ਪਏ ਗਟਰਾਂ ਦੇ ਢੱਕਣਾਂ ਨੂੰ ਠੀਕ ਕਰਨ ਲਈ ਕਿਹਾ।
ਉਨ੍ਹਾਂ ਸੈਕਟਰ ਦੀਆਂ ਸੜਕਾਂ ਦੀਆਂ ਬਰਮਾਂ ਦੀ ਖਸਤਾ ਹਾਲਤ ਦਾ ਵੀ ਸਖਤ ਨੋਟਿਸ ਲਿਆ ਅਤੇ ਨਿਗਮ ਅਧਿਕਾਰੀਆਂ ਨੂੰ ਇਨ੍ਹਾਂ ਦੀ ਤੁਰੰਤ ਮੁਰੰਮਤ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਾਰਕਾਂ ਦੇ ਗੈਰ-ਤਸੱਲੀਬਖ਼ਸ਼ ਕੰਮ ਕਰ ਕੇ ਸੁਸਾਇਟੀ ਜਾਂ ਐਸੋਸੀਏਸ਼ਨ ਨਾਲ ਹੋਇਆ ਸਮਝੌਤਾ ਰੱਦ ਕੀਤਾ ਜਾਵੇ। ਕਮਿਸ਼ਨਰ ਨੇ ਇਲਾਕਾ ਵਾਸੀਆਂ ਵੱਲੋਂ ਘਰਾਂ ਦੇ ਬਾਹਰ ਸੜਕ ਕੰਢੇ ਕੀਤੇ ਗਏ ਕਬਜ਼ਿਆਂ ਨੂੰ ਵੀ ਗੰਭੀਰਤਾ ਨਾਲ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਨੀਤੀ ਅਨੁਸਾਰ ਰਿਪੋਰਟ ਤਿਆਰ ਕਰ ਕੇ ਪਹਿਲ ਦੇ ਆਧਾਰ ’ਤੇ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਸੜਕਾਂ ਕੰਢੇ ਸਾਫ਼-ਸਫ਼ਾਈ ਯਕੀਨੀ ਬਣਾਉਣ ਲਈ ਕਿਹਾ। ਇਲਾਕਾ ਵਾਸੀਆਂ ਨੇ ਨਿਗਮ ਕਮਿਸ਼ਨਰ ਕੋਲ ਸੈਕਟਰ 44-ਏ ਵਿੱਚ ਪਹਿਲੀ ਅਤੇ ਦੂਜੀ ਮੰਜ਼ਿਲ ’ਤੇ ਸਥਿਤ ਘਰਾਂ ’ਚ ਪਾਣੀ ਦਾ ਘੱਟ ਪ੍ਰੈਸ਼ਰ ਹੋਣ ਦਾ ਮੁੱਦਾ ਉਠਾਇਆ, ਜਿਸ ’ਤੇ ਕਮਿਸ਼ਨਰ ਨੇ ਜਨ ਸਿਹਤ ਵਿਭਾਗ ਦੇ ਐੱਸਈ ਨੂੰ ਸਮੱਸਿਆ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਕਮਿਸ਼ਨਰ ਦੇ ਇਸ ਦੌਰੇ ਦੌਰਾਨ ਵਾਰਡ ਕੌਂਸਲਰ ਜਸਮਨ ਪ੍ਰੀਤ ਸਿੰਘ, ਚੀਫ ਇੰਜਨੀਅਰ ਐੱਨ.ਪੀ. ਸਿੰਘ, ਸਾਰੇ ਸੁਪਰਡੈਂਟ ਇੰਜਨੀਅਰ ਅਤੇ ਸਬੰਧਤ ਕਾਰਜਕਾਰੀ ਇੰਜਨੀਅਰ, ਐੱਸਡੀਈਜ਼ ਆਦਿ ਵੀ ਮੌਜੂਦ ਸਨ।
ਬਜ਼ੁਰਗਾਂ ਤੇ ਔਰਤਾਂ ਲਈ ਮੁਫ਼ਤ ਈ-ਰਿਕਸ਼ਾ ਦੀ ਸਹੂਲਤ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਵਾਰਡ ਨੰਬਰ-21 ਦੇ ਕੌਸਂਲਰ ਜਸਬੀਰ ਸਿੰਘ ਲਾਡੀ ਨੇ ਆਪਣੇ ਵਾਰਡ ਵਿੱਚ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਬਜ਼ੁਰਗਾਂ ਅਤੇ ਔਰਤਾਂ ਲਈ ਮੁਫ਼ਤ ਈ-ਰਿਕਸ਼ਾ ਦੀ ਸਹੂਲਤ ਸ਼ੁਰੂ ਕੀਤੀ ਹੈ। ਕੌਂਸਲਰ ਜਸਬੀਰ ਸਿੰਘ ਲਾਡੀ ਨੇ ਦੱਸਿਆ ਕਿ ਨਰਾਤਰਿਆਂ ਦੇ ਸ਼ੁਭ ਮੌਕੇ ਅੱਜ ਉਨ੍ਹਾਂ ਵਾਰਡ ਨੰਬਰ 21 ਅਧੀਨ ਪੈਂਦੇ ਸੈਕਟਰ 47 ਵਿੱਚ ਔਰਤਾਂ ਤੇ ਬਜ਼ੁਰਗਾਂ ਲਈ ਈ-ਰਿਕਸ਼ਾ ਦੀ ਮੁਫ਼ਤ ਸੇਵਾ ਸ਼ੁਰੂ ਕੀਤੀ ਹੈ। ਇਸ ਸੇਵਾ ਲਈ ਬਾਕਾਇਦਾ ਇੱਕ ਮੋਬਾਈਲ ਨੰਬਰ 9041979743 ਵੀ ਜਾਰੀ ਕੀਤਾ ਗਿਆ ਹੈ, ਜਿਸ ’ਤੇ ਸੰਪਰਕ ਕਰ ਕੇ ਇਹ ਈ-ਰਿਕਸ਼ਾ ਬੁੱਕ ਕੀਤਾ ਜਾ ਸਕਦਾ ਹੈ। ਇਹ ਸੇਵਾ ਪੂਰੇ ਵਾਰਡ ਅੰਦਰ ਦਿੱਤੀ ਜਾਵੇਗੀ। ਅੱਜ ਇੱਥੇ ਸੈਕਟਰ 47 ਦੇ ਕਮਿਊਨਿਟੀ ਸੈਂਟਰ ਤੋਂ ਸ਼ੁਰੂ ਕੀਤੀ ਗਈ ਇਸ ਈ-ਰਿਕਸ਼ਾ ਸੇਵਾ ਦੇ ਉਦਘਾਟਨ ਮੌਕੇ ਇਲਾਕੇ ਤੇ ਪਤਵੰਤੇ ਵੀ ਹਾਜ਼ਰ ਸਨ।