ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 25 ਜੂਨ
ਯੂਟੀ ਦੇ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਕੰਪਾਰਟਮੈਂਟ ਦੀ ਪ੍ਰੀਖਿਆ ਹੁਣ ਆਨਲਾਈਨ ਕਰਵਾਈ ਜਾਵੇਗੀ। ਇਸ ਲਈ ਵਿਭਾਗ ਨੇ ਸਕੂਲ ਮੁਖੀਆਂ ਨੂੰ ਅੱਜ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਵਿਭਾਗ ਨੇ ਕਿਹਾ ਹੈ ਕਿ ਸੈਸ਼ਨ 2020-21 ਦੀਆਂ ਸਾਲਾਨਾ ਪ੍ਰੀਖਿਆਵਾਂ ’ਚ ਰਹਿ ਗਏ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 10 ਜੁਲਾਈ ਤੋਂ ਪਹਿਲਾਂ ਲਈਆਂ ਜਾਣ।
ਸਿੱਖਿਆ ਵਿਭਾਗ ਨੇ ਅੱਜ ਸਾਰੇ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਕੇ ਹਦਾਇਤਾਂ ਜਾਰੀ ਕੀਤੀਆਂ ਕਿ ਪ੍ਰੀਖਿਆਵਾਂ ਕਰਵਾਉਣ ਲਈ ਵਿਦਿਆਰਥੀਆਂ ਨੂੰ ਘੱਟੋ ਘੱਟ ਦਸ ਦਿਨਾਂ ਦਾ ਸਮਾਂ ਦਿੱਤਾ ਜਾਵੇ। ਇਸ ਤੋਂ ਪਹਿਲਾਂ ਵਿਭਾਗ ਨੇ ਕਰੋਨਾ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਫੇਲ੍ਹ ਨਹੀਂ ਕੀਤਾ ਸੀ ਤੇ ਫੇਲ੍ਹ ਵਿਦਿਆਰਥੀਆਂ ਦੀ ਕੰਪਾਰਟਮੈਂਟ ਐਲਾਨ ਦਿੱਤੀ ਸੀ। ਵਿਭਾਗ ਨੇ ਨਾਲ ਹੀ ਇਹ ਵੀ ਕਿਹਾ ਸੀ ਕਿ ਜੇ ਕੋਈ ਵਿਦਿਆਰਥੀ ਕੰਪਾਰਟਮੈਂਟ ਕਲੀਅਰ ਨਹੀਂ ਕਰਦਾ ਤਾਂ ਉਸ ਨੂੰ ਪ੍ਰਮੋਟ ਨਹੀਂ ਕੀਤਾ ਜਾਵੇਗਾ ਤੇ ਉਸੇ ਜਮਾਤ ਵਿਚ ਦੁਬਾਰਾ ਰੱਖਿਆ ਜਾਵੇਗਾ। ਵਿਭਾਗ ਨੇ ਪਹਿਲਾਂ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੀ ਆਨਲਾਈਨ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ ਸੀ ਪਰ ਇਨ੍ਹਾਂ ਜਮਾਤਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਕੋਲ ਆਨਲਾਈਨ ਪ੍ਰੀਖਿਆ ਲਈ ਉਪਕਰਣ ਨਹੀਂ ਸਨ ਜਿਸ ਦਾ ਮਾਪਿਆਂ ਨੇ ਵਿਰੋਧ ਕੀਤਾ ਸੀ ਜਿਸ ਕਾਰਨ ਸਕੂਲ ਮੁਖੀਆਂ ਨੇ ਵਿਭਾਗ ਨੂੰ ਜਾਣਕਾਰੀ ਦਿੱਤੀ ਸੀ ਕਿ ਇਨ੍ਹਾਂ ਵਿਦਿਆਰਥੀਆਂ ਲਈ ਆਨਲਾਈਨ ਪ੍ਰੀਖਿਆ ਕਰਵਾਉਣ ਵਿਚ ਕਈ ਸਮੱਸਿਆਵਾਂ ਦਰਪੇਸ਼ ਹਨ। ਦੂਜੇ ਪਾਸੇ ਸੀਬੀਐਸਈ ਨੇ ਵੀ ਕੰਪਾਰਟਮੈਂਟ ਵਾਲੇ ਵਿਦਿਆਰਥੀਆਂ ਦੀ ਪ੍ਰੀਖਿਆ ਕਰਵਾਉਣ ਲਈ ਕਿਹਾ ਸੀ।
ਮੋਬਾਈਲ ਤੇ ਡਾਟਾ ਨਾ ਹੋਣ ਕਾਰਨ ਸਮੱਸਿਆ
ਇਥੇ ਦੇ ਸਰਕਾਰੀ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਇਸ ਵੇਲੇ ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਕੰਪਾਰਟਮੈਂਟ ਵਾਲੇ ਕਈ ਵਿਦਿਆਰਥੀਆਂ ਦੇ ਮਾਪਿਆਂ ਕੋਲ ਸਮਾਰਟ ਮੋਬਾਈਲ ਨਹੀਂ ਹਨ ਜੇ ਕਈਆਂ ਕੋਲ ਮੋਬਾਈਲ ਹਨ ਤਾਂ ਉਨ੍ਹਾਂ ਕੋਲ ਡਾਟਾ ਰਿਚਾਰਜ ਕਰਵਾਉਣ ਵਾਸਤੇ ਪੈਸੇ ਹੀ ਨਹੀਂ ਹਨ। ਪੈਰੀਫੇਰੀ ਤੇ ਕਲੋਨੀਆਂ ਨੇੜਲੇ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੇ ਮਾਪੇ ਦਿਹਾੜੀਦਾਰ ਹਨ, ਇਸ ਕਰ ਕੇ ਇਨ੍ਹਾਂ ਦੀ ਆਨਲਾਈਨ ਪ੍ਰੀਖਿਆ ਲੈਣ ਵਿਚ ਕਈ ਸਮੱਸਿਆਵਾਂ ਹਨ।