ਸ਼ਸ਼ੀ ਪਾਲ ਜੈਨ
ਖਰੜ, 12 ਮਈ
ਸ਼ਿਵਾਲਿਕ ਸਿਟੀ ਦੇ ਵਸਨੀਕਾਂ ਵੱਲੋਂ ਬਣਾਈ ਗਈ ਸ਼ਿਵਾਲਿਕ ਸਿਟੀ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਖਰੜ ਦੇ ਐੱਸਡੀਐਮ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਗਿਆ ਹੈ ਸ਼ਿਵਾਲਿਕ ਸਿਟੀ ਦੀ ਚਾਰਦੀਵਾਰੀ ਨੂੰ ਕੁਝ ਬਿਲਡਰਾਂ ਵੱਲੋਂ ਨਾਜਾਇਜ਼ ਤੌਰ ’ਤੇ ਅਤੇ ਜਬਰੀ ਤੋੜ ਦਿੱਤਾ ਗਿਆ ਹੈ। ਅੱਜ ਐੱਚਐੱਸ. ਚਾਹਲ, ਮਨਜੀਤ ਕੌਰ ਬਾਜਵਾ, ਜਨਮੀਤ ਕੌਰ ਸਮੇਤ 50 ਦੇ ਕਰੀਬ ਵਸਨੀਕਾਂ ਜਿਨ੍ਹਾਂ ਵਿੱਚ ਨਗਰ ਕੌਸਲ ਦੇ ਵਾਰਡ ਨੰਬਰ 17 ਦੀ ਮੈਂਬਰ ਕਰਮਜੀਤ ਕੌਰ ਵੀ ਸ਼ਾਮਲ ਹੈ ਨੇ ਦੋਸ਼ ਲਾਇਆ ਹੈ ਕਿ ਸ਼ਿਵਾਲਿਕ ਸਿਟੀ ਦੀ ਚਾਰਦੀਵਾਰੀ ਦੇ ਬਾਹਰ ਬਨਣ ਵਾਲੀਆਂ ਨਾਜਾਇਜ਼ ਕਲੋਨੀਆਂ ਦੇ ਮਾਲਕਾਂ ਵੱਲੋਂ ਚਾਰਦੀਵਾਰੀ ਨੂੰ ਨਾਜਾਇਜ਼ ਢੰਗ ਨਾਲ ਤੋੜਿਆ ਜਾ ਰਿਹਾ ਹੈ ਅਤੇ ਪਾਣੀ ਅਤੇ ਸੀਵਰੇਜ ਦੇ ਕੁਨੇਕਸ਼ਨ ਵੀ ਨਾਜਾਇਜ਼ ਢੰਗ ਨਾਲ ਜੋੜੇ ਜਾ ਰਹੇ ਹਨ। ਇਸ ਕਾਰਨ ਇੱਥੋਂ ਦੇ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਇਸ ਸਬੰਧੀ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਐੱਸਡੀਐੱਮ ਹਿਮਾਂਸ਼ੂ ਜੈਨ ਨੇ ਇਸ ਸੰਬੰਧੀ ਤੁਰੰਤ ਕਾਰਵਾਈ ਕਰਨ ਲਈ ਨਗਰ ਕੌਸਲ ਦੇ ਕਾਰਜਸਾਧਕ ਅਫਸਰ ਨੂੰ ਲਿਖਿਆ ਹੈ।