ਮੁਕੇਸ਼ ਕੁਮਾਰ
ਚੰਡੀਗੜ੍ਹ, 8 ਨਵੰਬਰ
ਛਠ ਪੂਜਾ ਦਾ ਤਿਉਹਾਰ ਅੱਜ ਸਵੇਰੇ ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਸਮਾਪਤ ਹੋ ਗਿਆ। ਇਹ ਚਾਰ ਰੋਜ਼ਾ ਸਮਾਗਮ ਚੰਡੀਗੜ੍ਹ ਦੇ ਸੈਕਟਰ-42 ਦੀ ਨਵੀਂ ਝੀਲ ਅਤੇ ਸ਼ਹਿਰ, ਪਿੰਡਾਂ ਅਤੇ ਕਲੋਨੀਆਂ ਦੇ ਹੋਰ ਸਥਾਨਾਂ ’ਤੇ ਮਨਾਇਆ ਗਿਆ। ਲੋਕਾਂ ਨੇ ਸੂਰਜ ਦੀ ਪੂਜਾ ਦੇ ਨਾਲ-ਨਾਲ ਛਠੀ ਮਾਤਾ ਦੀ ਪੂਜਾ ਕਰ ਕੇ ਲੋਕਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਇਸ ਮਹਾਪਰਵ ਨੂੰ ਲੈਕੇ ਸੈਕਟਰ-42 ਦੀ ਨਵੀਂ ਝੀਲ ਸਥਿਤ ਇੰਦਰਾ ਕਲੋਨੀ, ਰਾਮਦਰਬਾਰ ਅਤੇ ਮਲੋਆ ਅਤੇ ਸ਼ਹਿਰ ਦੀਆਂ ਹੋਰ ਥਾਵਾਂ ’ਤੇ ਵੱਡੀ ਗਿਣਤੀ ’ਚ ਲੋਕਾਂ ਨੇ ਇਹ ਤਿਉਹਾਰ ਮਨਾਇਆ। 5 ਨਵੰਬਰ ਨੂੰ ‘ਨਹਾਏ-ਖਾਏ’ ਨਾਲ ਸ਼ੁਰੂ ਹੋਏ ਇਸ ਤਿਉਹਾਰ ਤਹਿਤ ਬੀਤੀ ਸ਼ਾਮ ਡੁੱਬਦੇ ਸੂਰਜ ਨੂੰ ਅਤੇ ਅੱਜ ਸਵੇਰੇ ਚੜ੍ਹਦੇ ਸੂਰਜ ਦੀ ਪੂਜਾ ਕੀਤੀ ਗਈ। ਸ਼ੁੱਕਰਵਾਰ ਦੀ ਸਵੇਰ ਚੜ੍ਹਦੇ ਸੂਰਜ ਨੂੰ ਅਰਘ ਦੇਣ ਨਾਲ ਤਿਉਹਾਰ ਦੀ ਸੰਪੂਰਨਤਾ ਹੋ ਗਈ।
ਇਸ ਮੌਕੇ ਸ਼ਹਿਰ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਭਾਜਪਾ ਆਗੂ ਸੰਜੇ ਟੰਡਨ, ਰਾਜ ਸਭਾ ਮੈਂਬਰ ਸਤਨਾਮ ਸੰਧੂ, ਕੌਂਸਲਰ ਹਰਦੀਪ ਸਿੰਘ, ਜਸਬੀਰ ਸਿੰਘ ਬੰਟੀ ਤੇ ਹੋਰ ਵੀ ਛਠ ਘਾਟ ਪੁੱਜੇ।