ਹਰਜੀਤ ਸਿੰਘ
ਜ਼ੀਰਕਪੁਰ, 17 ਸਤੰਬਰ
ਇਥੋਂ ਦੇ ਪਿੰਡ ਗਾਜ਼ੀਪੁਰ ਦੇ ਐਲੀਮੈਂਟਰੀ ਸਕੂਲ ਵਿਚ ਕੁੱਝ ਦਿਨਾਂ ਤੋਂ ਪ੍ਰਿੰਸੀਪਲ ਅਤੇ ਅਧਿਆਪਕਾਂ ਵਿਚਕਾਰ ਕਥਿਤ ਤੌਰ ’ਤੇ ਤਕਰਾਰ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਅੱਜ ਕੁੱਟਮਾਰ ਤੱਕ ਪੁੱਜ ਗਿਆ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਪਿੰਡ ਵਾਸੀਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੱਤਰ ਭੇਜ ਕੇ ਪ੍ਰਿੰਸੀਪਲ ਦੀ ਬਦਲੀ ਕਰਨ ਦੀ ਮੰਗ ਕੀਤੀ ਸੀ। ਸਬੰਧਤ ਵਾਰਡ ਦੇ ਕੌਂਸਲਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਕੂਲ ਦਾ ਮਾਹੌਲ ਕਈ ਦਿਨਾਂ ਤੋਂ ਖ਼ਰਾਬ ਚੱਲ ਰਿਹਾ ਹੈ। ਬੱਚਿਆਂ ਦੀ ਬਿਹਤਰੀ ਲਈ ਪ੍ਰਸ਼ਾਸਨ ਨੂੰ ਛੇਤੀ ਸਖ਼ਤ ਕਦਮ ਚੁੱਕਣ ਦੀ ਲੋੜ ਹੈ। ਪਿੰਡ ਗਾਜ਼ੀਪੁਰ ਦੇ ਵਸਨੀਕ ਹਰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਅੱਜ ਪ੍ਰਿੰਸੀਪਲ ਮੈਡਮ ਨੇ ਸਕੂਲ ਦੀ ਸੁਨੀਤਾ ਨਾਮਕ ਮੈਡਮ ਦੇ ਕਥਿਤ ਤੌਰ ’ਤੇ ਧੱਪੜ ਮਾਰ ਦਿੱਤਾ ਜਿਸ ਕਾਰਨ ਸਵੇਰ ਦਾ ਹੀ ਸਕੂਲ ਵਿੱਚ ਹੰਗਾਮਾ ਹੋ ਰਿਹਾ ਹੈ। ਪਿੰਡ ਵਾਸੀਆਂ ਨੇ ਮਿਡ-ਡੇਅ ਮੀਲ ਸਕੀਮ ਰਾਹੀਂ ਮਿਲਣ ਵਾਲੇ ਰਾਸ਼ਨ ਵਿੱਚ ਵੀ ਘੱਪਲੇਬਾਜੀ ਦੇ ਦੋਸ਼ ਲਗਾਏ ਹਨ। ਦੱਸਣਯੋਗ ਹੈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਡੇਰਾਬਸੀ ਵਲੋਂ ਪੱਤਰ ਨੰਬਰ 228 ਮਿਤੀ 10 ਸਤੰਬਰ 2024 ਰਾਹੀਂ ਸਰਕਾਰੀ ਐਲੀਮੈਂਟਰੀ ਸਕੂਲ ਗਾਜ਼ੀਪੁਰ ਦੀ ਮੁਖੀ ਨੂੰ ਲਿਖ ਕੇ ਮਿਡ-ਡੇਅ ਮੀਲ ਦੀਆਂ ਖਾਮੀਆਂ ਸਬੰਧੀ ਦੋ ਦਿਨ ਦੇ ਅੰਦਰ ਅੰਦਰ ਜੁਆਬ ਮੰਗਿਆ ਗਿਆ ਸੀ।
ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੀਰ ਕੌਰ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਇਸ ਸਬੰਧੀ ਉਨ੍ਹਾਂ ਨੇ ਰਿਪੋਰਟ ਤਿਆਰ ਕਰਨ ਲਈ ਇਕ ਅਧਿਕਾਰੀ ਨੂੰ ਸਕੂਲ ਵਿਚ ਭੇਜਿਆ ਹੈ ਅਤੇ ਰਿਪੋਰਟ ਮਿਲਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਜਦੋਂ ਪ੍ਰਿੰਸੀਪਲ ਬਲਵਿੰਦਰ ਕੌਰ ਨਾਲ ਉਨ੍ਹਾਂ ਦੇ ਦਫ਼ਤਰ ਜਾ ਕੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।