ਮੁਕੇਸ਼ ਕੁਮਾਰ
ਚੰਡੀਗੜ੍ਹ, 29 ਦਸੰਬਰ
ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਆਏ ਨਤੀਜਿਆਂ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਰਕੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਨੂੰ ਲੈ ਕੇ ਭੰਬਲਭੂਸਾ ਕਾਇਮ ਹੈ ਤੇ ਸਥਿਤੀ ਕਸੂਤੀ ਬਣੀ ਹੋਈ ਹੈ। ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ 14 ਸੀਟਾਂ ਜਿੱਤ ਕੇ ਮੋਹਰੀ ਬਣੀ ਹੋਈ ਹੈ, 12 ਸੀਟਾਂ ਨਾਲ ਭਾਜਪਾ ਦੋਇਮ ਅਤੇ ਤੀਜੇ ਨੰਬਰ ਤੇ 8 ਸੀਟਾਂ ਨਾਲ ਕਾਂਗਰਸ ਹੈ। ਭਾਜਪਾ ਨਾਲ ਗੱਠਜੋੜ ਖਤਮ ਹੋਣ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਕੇ ਚੋਣ ਲੜਨ ਵਾਲੀ ਸ਼੍ਰੋਮਣੀ ਅਕਾਲੀ ਦਲ ਆਪਣੀ ਇੱਕ ਰਵਾਇਤੀ ਸੀਟ ਜਿੱਤ ਕੇ ਨਿਗਮ ਵਿੱਚ ਹਾਜ਼ਰੀ ਭਰੇਗੀ। ਨਿਗਮ ਵਿੱਚ ਕੁੱਲ 35 ਕੌਂਸਲਰ ਹਨ। ਮੇਅਰ ਦੇ ਅਹੁਦੇ ਲਈ 18 ਕੌਂਸਲਰਾਂ ਦੀਆਂ ਵੋਟਾਂ ਦੀ ਲੋੜ ਹੈ, ਪਰ ਇਹ ਜਾਦੂਈ ਅੰਕੜਾ ਸਪੱਸ਼ਟ ਤੌਰ ’ਤੇ ਕਿਸੀ ਵੀ ਪਾਰਟੀ ਕੋਲ ਨਹੀਂ ਹੈ।ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ, ਤਿੰਨੋਂ ਪਾਰਟੀਆਂ ਆਪਣਾ ਮੇਅਰ ਬਣਾਉਣ ਲਈ ਤਰਲੋਮੱਛੀ ਹੋ ਰਹੀਆਂ ਹਨ। ਜੇ ਸਿਧੇ ਤੌਰ ’ਤੇ ਦੇਖੀਏ ਤਾਂ ਅਜਿਹੀ ਸੂਰਤ ਵਿੱਚ ਮੇਅਰ ਬਣਾਉਣ ਦੀ ਚਾਬੀ ਕਾਂਗਰਸ ਦੇ ਹੱਥ ਵਿੱਚ ਹੈ। ਸੂਤਰਾਂ ਅਨੁਸਾਰ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਾਰਟੀ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਕਾਰਨ ਆਮ ਆਦਮੀ ਪਾਰਟੀ ਨੂੰ ਮੇਅਰ ਦੇ ਅਹੁਦੇ ਲਈ ਸਮਰਥਨ ਨਹੀਂ ਦੇਣਗੇ। ਇਸ ਗੱਲ ਦੀ ਜਾਣਕਾਰੀ ਭਾਜਪਾ ਨੇਤਾਵਾਂ ਨੂੰ ਵੀ ਹੈ ਕਿ ਕਾਂਗਰਸ ਪਾਰਟੀ ਉਨ੍ਹਾਂ ਦੀ ਵੀ ਮਦਦ ਨਹੀਂ ਕਰੇਗੀ। ਉਧਰ ਭਾਜਪਾ ਆਗੂਆਂ ਨੇ ਕਾਂਗਰਸ ਦੇ ਕਈ ਨੇਤਾਵਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਨੇਤਾ ਪਹਿਲਾਂ ਹੀ ਦੋਸ਼ ਲਗਾ ਚੁਕੇ ਹਨ ਕਿ ਭਾਜਪਾ ਵਾਲੇ ਉਨ੍ਹਾਂ ਦੇ ਕੌਂਸਲਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਮੇਅਰ ਚੋਣ ਲਈ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ। ਇਸ ਕਾਰਨ ਮੇਅਰ ਚੋਣ ਲਈ ਕੌਂਸਲਰਾਂ ਵੱਲੋਂ ਦੋ ਵਾਰ ਵੋਟਿੰਗ ਕੀਤੀ ਜਾਵੇਗੀ। ਪਹਿਲੀ ਵਾਰ ਵੋਟਿੰਗ ਦੌਰਾਨ ਜਿਸ ਪਾਰਟੀ ਨੂੰ ਸਭ ਤੋਂ ਘੱਟ ਵੋਟਾਂ ਪੈਣਗੀਆਂ ਉਨ੍ਹਾਂ ਦੇ ਮੇਅਰ ਅਹੁਦੇ ਲਈ ਖੜ੍ਹਾ ਉਮੀਦਵਾਰ ਚੋਣ ਤੋਂ ਬਾਹਰ ਹੋ ਜਾਵੇਗਾ। ਅਜਿਹੀ ਸੂਰਤ ਵਿੱਚ ਬਾਕੀ ਦੀਆਂ ਦੋ ਪਾਰਟੀਆਂ ਦੇ ਉਮੀਦਵਾਰਾਂ ਦਰਮਿਆਨ ਮੇਅਰ ਦੇ ਅਹੁਦੇ ਲਈ ਮੁਕਾਬਲਾ ਹੋਵੇਗਾ। ਸਿਆਸੀ ਮਾਹਿਰਾਂ ਅਨੁਸਾਰ ਜੇ ਇਸ ਤਰ੍ਹਾਂ ਹੋਇਆ ਤਾਂ ਕਾਂਗਰਸ ਪਾਰਟੀ ਆਪਣੇ ਸਭ ਤੋਂ ਘੱਟ ਕੌਂਸਲਰ ਹੋਣ ਕਾਰਨ ਪਹਿਲੀ ਵੋਟਿੰਗ ਵਿੱਚ ਬਾਹਰ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਦੂਜੇ ਦੌਰ ਵਿੱਚ ‘ਆਪ’ ਅਤੇ ਭਾਜਪਾ ਵਿਚਕਾਰ ਮੇਅਰ ਦੇ ਅਹੁਦੇ ਲਈ ਮੁਕਾਬਲਾ ਹੋਵੇਗਾ। ਇਸ ਦੌਰਾਨ ਵੀ ਕਾਂਗਰਸ ਦੇ ਕੌਂਸਲਰ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਦੂਜੀ ਵਾਰ ਵੋਟਿੰਗ ਹੋਣ ’ਤੇ ਕਾਂਗਰਸ ਦੇ ਕੌਂਸਲਰ ਜਿਸ ਨੂੰ ਵੀ ਆਪਣਾ ਵੋਟ ਦੇਣਗੇ, ਉਸ ਦਲ ਦਾ ਉਮੀਦਵਾਰ ਹੀ ਮੇਅਰ ਦੀ ਕੁਰਸੀ ’ਤੇ ਬੈਠੇਗਾ। ਇਸ ਬਾਰੇ ਮੇਅਰ ਦਾ ਅਹੁਦਾ ਮਹਿਲਾ ਕੌਂਸਲਰ ਲਈ ਰਾਖਵਾਂ ਹੈ।
ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਸਮਰਥਕਾਂ ਸਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਨਗਰ ਨਿਗਮ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਜਪਾ ਨੂੰ ਆਮ ਆਦਮੀ ਪਾਰਟੀ ਨੇ ਸ਼ਹਿਰ ਵਿੱਚ ਇੱਕ ਵਾਰ ਫਿਰ ਵੱਡਾ ਝਟਕਾ ਦਿੱਤਾ ਹੈ। ਭਾਜਪਾ ਮੰਡਲ ਦੇ ਸਾਬਕਾ ਪ੍ਰਧਾਨ ਰਾਮ ਚੰਦਰ ਬੁੱਧਵਾਰ ਨੂੰ ਆਪਣੇ ਸੈਂਕੜੇ ਸਮਰਥਕਾਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ਦਿੱਲੀ ਤੋਂ ਵਿਧਾਇਕ ਵਿਨੈ ਮਿਸ਼ਰਾ ਨੇ ਰਸਮੀ ਤੌਰ ’ਤੇ ਰਾਮ ਚੰਦਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ’ਚ ਸ਼ਾਮਲ ਕੀਤਾ। ਉਨ੍ਹਾਂ ਦਾ ਸਵਾਗਤ ਕਰਦਿਆਂ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੂੰ ‘ਆਪ’ ਵਿੱਚ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਰਾਜ ਸਿੰਘ, ਸੰਨੀ ਕੁਮਾਰ, ਰਾਮ ਕੁਮਾਰ, ਹਰਜਿੰਦਰ ਸਿੰਘ ਵੀ ‘ਆਪ’ ਵਿੱਚ ਸ਼ਾਮਲ ਹੋਏ। ਰਾਮ ਚੰਦਰ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਭਾਜਪਾ ਦੇ ਚੋਟੀ ਦੇ ਆਗੂਆਂ ਵਿਚਲੇ ਮਤਭੇਦ ਅਤੇ ਪੁਰਾਣੇ ਵਰਕਰਾਂ ਦੀ ਅਣਦੇਖੀ ਹੀ ਭਾਜਪਾ ਦੀ ਹਾਰ ਦਾ ਮੁੱਖ ਕਾਰਨ ਹੈ। ਆਉਣ ਵਾਲੇ ਸਮੇਂ ਵਿੱਚ ਕਾਂਗਰਸ ਵਾਂਗ ਭਾਜਪਾ ਵੀ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ‘ਆਪ’ ਦੀ ਵਧਦੀ ਲੋਕਪ੍ਰਿਅਤਾ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਦੇ ਕਈ ਨਵੇਂ ਚੁਣੇ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ।