ਮੁਕੇਸ਼ ਕੁਮਾਰ
ਚੰਡੀਗੜ੍ਹ, 28 ਫਰਵਰੀ
ਕੇਂਦਰ ਸਰਕਾਰ ਦੀ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਦੀਆਂ ਨਵੀਆਂ ਗਾਈਡਲਾਇੰਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਕ ਦੇ ਵਾਹਨ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਵੱਲੋਂ ਚੰਡੀਗੜ੍ਹ ਵਿੱਚ ਰਜਿਸਟਰਡ ਵਾਹਨਾਂ ’ਤੇ ਰੰਗਦਾਰ ਸਟਿੱਕਰ (ਕਲਰ ਕੋਡਿੱਡ ਸਟਿੱਕਰ) ਲਗਾਉਣ ਲਈ ਇਥੋਂ ਦੇ ਵਾਹਨ ਮਾਲਿਕਾਂ ’ਚ ਹਫੜਾ-ਦਫੜੀ ਮਚ ਗਈ ਹੈ। ਜਿਨ੍ਹਾਂ ਦੀ ਹਾਲੇ ਵਾਰੀ ਵੀ ਨਹੀਂ ਆਈ, ਚਲਾਨ ਦੇ ਡਰੋਂ ਉਹ ਵੀ ਆਰਐੱਲਏ ਵੱਲੋਂ ਸ਼ਹਿਰ ਵਿੱਚ ਬਣਾਏ ਤਿੰਨ ਕੇਂਦਰਾਂ ’ਤੇ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਵਾਹਨਾਂ ’ਤੇ ਕਲਰ ਕੋਡਿੱਡ ਸਟਿੱਕਰ ਤੇ ਹਾਈ ਸਕਿਓਰਿਟੀ ਨੰਬਰ ਪਲੇਟ (ਐੱਚਐੱਸਆਰਪੀ) ਲਗਵਾਉਣ ਵਾਲਿਆਂ ਦੀ ਵੱਧ ਰਹੀ ਭੀੜ ਨੂੰ ਲੈ ਕੇ ਪ੍ਰਸ਼ਾਸਨ ਨੇ ਨਵੇਂ ਆਦੇਸ਼ ਜਾਰੀ ਕੀਤੇ ਹਨ। ਆਦੇਸ਼ਾਂ ਅਨੁਸਾਰ ਸੀਐੱਚ01 ਬੀਕੇ ਦੀ ਸੀਰੀਜ਼ ਤੋਂ ਐੱਚਐੱਸਆਰਪੀ ਤੇ ਕਲਰ ਕੋਡਿੱਡ ਸਟਿੱਕਰ ਲਗਾਉਣ ਲਈ ਮਿੱਥੀ ਗਈ ਅੰਤਿਮ ਤਰੀਕ 28 ਫਰਵਰੀ ਤੋਂ ਵਧਾ ਕੇ ਹੁਣ 30 ਸਤੰਬਰ ਕੀਤੀ ਗਈ ਹੈ। ਇਸ ਸੀਰੀਜ਼ ਤੋਂ ਬਿਨਾਂ ਹੋਰ ਕਿਸੀ ਵੀ ਪੁਰਾਣੀ ਸੀਰੀਜ਼ ਵਾਲੇ ਨੰਬਰਾਂ ਵਾਲੇ ਵਾਹਨਾਂ ’ਤੇ ਫਿਲਹਾਲ ਐੱਸਐੱਸਆਰਪੀ ਤੇ ਕਲਰ ਕੋਡਿੱਡ ਸਟਿੱਕਰ ਨਹੀਂ ਲਗਾਏ ਜਾਣਗੇ। ਇਸ ਬਾਰੇ ਬਾਅਦ ਵਿੱਚ ਆਦੇਸ਼ ਜਾਰੀ ਕੀਤੇ ਜਾਣਗੇ। ਇਹ ਸਟਿੱਕਰ ਲਗਾਉਣ ਲਈ ਆਰਐੱਲਏ ਵੱਲੋਂ ਸ਼ਹਿਰ ਦੇ ਤਿੰਨੇ ਐੱਸਡੀਐੱਮ ਦਫ਼ਤਰਾਂ ਵਿੱਚ ਬਣਾਏ ਗਏ ਕਾਊਂਟਰਾਂ ’ਤੇ ਭੀੜ ਹੋਣ ਕਾਰਨ ਤੇ ਕੋਵਿਡ-19 ਸਬੰਧੀ ਸਾਵਧਾਨੀ ਦੇ ਤੌਰ ’ਤੇ ਸਿਰਫ਼ ਸੀਐੱਚ01 ਬੀਕੇ ਸੀਰੀਜ਼ ਦੇ ਨੰਬਰਾਂ ’ਤੇ ਹੀ ਇਹ ਸਟਿੱਕਰ ਲਗਾਉਣ ਦਾ ਫੈ਼ਸਲਾ ਲਿਆ ਗਿਆ ਹੈ ਤੇ ਇਸ ਸੀਰੀਜ਼ ਸਬੰਧੀ ਮਿੱਥੀ ਗਈ 28 ਫਰਵਰੀ ਦੀ ਅੰਤਿਮ ਤਰੀਕ ਵਧਾ ਕੇ ਹੁਣ 30 ਸਤੰਬਰ ਕੀਤੀ ਗਈ ਹੈ। ਸਟਿੱਕਰ ਲਗਵਾਉਣ ਲਈ ਇਲਾਕੇ ਦੇ ਐੱਸਡੀਐੱਮ ਦਫ਼ਤਰ ਵਿੱਚ ਬਣਾਏ ਗਏ ਵਿਸ਼ੇਸ਼ ਕਾਊਂਟਰਾਂ ’ਤੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਨੇ ਮਨਜ਼ੂਰਸ਼ੁਦਾ ਵਾਹਨ ਡੀਲਰਾਂ ਨੂੰ ਵੀ ਇਹ ਅਧਿਕਾਰ ਦਿੱਤਾ ਹੈ। ਇਸ ਬਾਰੇ ਕਿਸੀ ਵੀ ਤਰਾਂ ਦੀ ਜਾਣਕਾਰੀ ਲਈ ਆਰਐੱਲਏ ਦੇ ਪੁੱਛਗਿੱਛ ਕੇਂਦਰ ਨੂੰ 0172 – 2700341 ’ਤੇ ਸੰਪਰਕ ਕਰ ਸਕਦੇ ਹਨ।
ਕਿਉਂ ਜ਼ਰੂਰੀ ਹਨ ਰੰਗਦਾਰ ਕੋਡਿੱਡ ਸਟਿੱਕਰ
ਕਲਰ ਕੋਡਿੱਡ ਸਟਿੱਕਰ ਐੱਚਐੱਸਆਰਪੀ ਪਲੇਟਾਂ ਦੇ ਨਾਲ ਇੱਕ ਤੀਸਰੀ ਰਜਿਸਟਰੇਸ਼ਨ ਨਿਸ਼ਾਨੀ ਹੈ, ਜੋ ਵਾਹਨ ਦੀ ਵਿੰਡਸ਼ੀਲਡ ਸਕਰੀਨ ’ਤੇ ਲਗਾਇਆ ਜਾਂਦਾ ਹੈ। ਸਟਿੱਕਰ ਦਾ ਰੰਗ ਵਾਹਨ ਦੇ ਇੰਜਣ ਵਿੱਚ ਵਰਤੇ ਜਾਂਦੇ ਇੰਧਨ ਅਨੁਸਾਰ ਹੋਵੇਗਾ। ਜਿਵੇਂ ਕਿ ਪੈਟਰੋਲ ਲਈ ਹਲਕਾ ਨੀਲਾ, ਡੀਜ਼ਲ ਲਈ ਸੰਤਰੀ, ਇਲੈਕਟ੍ਰਿਕ ਤੇ ਹਾਈਬ੍ਰਿਡ ਵਾਹਨਾਂ ਲਈ ਹਰਾ ਸਟਿੱਕਰ ਹੋਵੇਗਾ। ਸਟਿੱਕਰਾਂ ’ਤੇ ਵਾਹਨ ਦੇ ਇੰਜਣ ਨੰਬਰ ਅਤੇ ਚੈਸਿ ਨੰਬਰ ਸਮੇਤ ਵਾਹਨ ਦਾ ਰਜਿਸਟਰੇਸ਼ਨ ਨੰਬਰ ਤੇ ਉਸਦੀ ਰਜਿਸਟਰੇਸ਼ਨ ਦੀ ਮਿਤੀ ਵੀ ਦਰਸਾਈ ਗਈ ਹੈ।