ਮੁਕੇਸ਼ ਕੁਮਾਰ
ਚੰਡੀਗੜ੍ਹ, 10 ਅਪਰੈਲ
ਚੰਡੀਗੜ੍ਹ ਨਗਰ ਨਿਗਮ ਵਿੱਚ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਇੱਥੋਂ ਦੇ ਮੇਅਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਕਾਂਗਰਸੀ ਨੇਤਾ ਦਵਿੰਦਰ ਸਿੰਘ ਬਬਲਾ ਸਮੇਤ ਹੋਰ ਕਾਂਗਰਸੀ ਕੌਂਸਲਰਾਂ ਨੇ ਚੰਡੀਗੜ੍ਹ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਚਿਠੀ ਲਿਖ ਕੇ ਨਿਗਮ ਵਿੱਚ ਜਾਰੀ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਲਈ ਨਿਗਮ ਹਾਊਸ ਦੀ ਮੀਟਿੰਗ ਵਿੱਚ ‘ਵਾਈਟ ਪੇਪਰ’ ਲਿਆਉਣ ਦੀ ਮੰਗ ਕੀਤੀ ਹੈ।
ਨਿਗਮ ਵਿੱਚ ਵਿਰੋਧੀ ਧਿਰ ਦੇ ਨੇਤਾ ਦਵਿੰਦਰ ਸਿੰਘ ਬਾਬਲਾ ਸਮੇਤ ਪਾਰਟੀ ਦੇ ਹੋਰਨਾਂ ਕੌਂਸਲਰ ਗੁਰਬਖਸ਼ ਕੌਰ ਰਾਵਤ, ਸਤੀਸ਼ ਕੈਂਥ, ਸ਼ੀਲਾ ਫੂਲ ਸਿੰਘ ਅਤੇ ਰਵਿੰਦਰ ਕੌਰ ਗੁਜਰਾਲ ਵੱਲੋਂ ਸਾਂਝੇ ਤੌਰ ’ਤੇ ਲਿਖੇ ਗਏ ਇਸ ਪੱਤਰ ਵਿੱਚ ਚੰਡੀਗੜ੍ਹ ਦੇ ਮੇਅਰ ਰਵੀ ਕਾਂਤ ਸ਼ਰਮਾ ’ਤੇ ਦੋਸ਼ ਲਗਾਏ ਗਏ ਹਨ।
ਪੱਤਰ ਵਿੱਚ ਪ੍ਰਸ਼ਾਸਕ ਨੂੰ ਲਿਖਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਡੋਰ ਟੂ ਡੋਰ ਗਾਰਬੇਜ ਕੁਲੈਕਸ਼ਨ ਯੋਜਨਾ ਤਹਿਤ ਲਗਾਏ ਗਏ ਵਾਹਨਾਂ ਦੇ ਚਾਲਕਾਂ ਦੀ ਭਰਤੀ ਵਿੱਚ ਭ੍ਰਿਸ਼ਟਾਚਾਰ ਭਾਰੂ ਹੈ। ਇਨ੍ਹਾਂ ਨੂੰ ਬਗੈਰ ਡਰਾਈਵਿੰਗ ਟੈਸਟ ਤੇ ਸਿਫਾਰਸ਼ੀ ਭਰਤੀ ਕੀਤਾ ਜਾ ਰਿਹਾ ਹੈ। ਪੱਤਰ ਵਿੱਚ ਦੋਸ਼ ਲਗਾਇਆ ਗਿਆ ਹੈ ਇਹਨਾਂ ਚਾਲਕਾਂ ਨੂੰ ਰੱਖਣ ਲਈ ਰਿਸ਼ਵਤ ਮੰਗੀ ਜਾ ਰਹੀ ਹੈ। ਕਾਂਗਰਸੀ ਕੌਂਸਲਰਾਂ ਨੇ ਪੱਤਰ ਵਿੱਚ ਪ੍ਰਸ਼ਾਸਕ ਤੋਂ ਇਨ੍ਹਾਂ ਚਾਲਕਾਂ ਦੀ ਭਰਤੀ ਦੀ ਜਾਂਚ ਦੀ ਮੰਗ ਕੀਤੀ ਹੈ।
ਪੱਤਰ ਵਿੱਚ ਕੌਂਸਲਰ ਦਵਿੰਦਰ ਸਿੰਘ ਬਬਲਾ ਨੇ ਮੇਅਰ ਰਵੀ ਕਾਂਤ ਸ਼ਰਮਾ ’ਤੇ ਆਪਣੇ ਕਿਸੇ ਖਾਸ ਅਧਿਕਾਰੀ ਨੂੰ ਨਗਰ ਨਿਗਮ ਵਿੱਚ ਲਿਆਉਣ ਲਈ ਨਿਯਮਾਂ ਦੀ ਅਨਦੇਖੀ ਕਰਨ ਦਾ ਦੋਸ਼ ਵੀ ਲਗਾਇਆ ਹੈ। ਉਨ੍ਹਾਂ ਕੌਂਸਲਰਾਂ ਦੇ ਵਾਰਡ ਦੇ ਪੈਸੇ ਨੂੰ ਲੈ ਕੇ ਕੁਝ ਸ਼ਰਤਾਂ ਨੂੰ ਸੋਧਣ ’ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਹੈ। ਕਾਂਗਰਸੀ ਕੌਂਸਲਰਾਂ ਨੇ ਪ੍ਰਸ਼ਾਸਕ ਬਦਨੌਰ ਨੂੰ ਲਿਖੇ ਪੱਤਰ ਵਿੱਚ ਲਿਖਿਆ ਕਿ ਨਿਗਮ ਵਿੱਚ ਹਾਕਮ ਧਿਰ ਭਾਜਪਾ ਨੇ ਸ਼ਹਿਰ ਵਾਸੀਆਂ ਲਈ ਕੋਈ ਅਜਿਹਾ ਟੈਕਸ ਨਹੀਂ ਛੱਡਿਆ ਜੋ ਇੱਥੋਂ ਦੀ ਜਨਤਾ ‘ਤੇ ਨਾ ਲਗਾਇਆ ਹੋਵੇ। ਉਨ੍ਹਾਂ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਠੱਪ ਹੋਣ, ਸਫਾਈ ਵਿਵਸਥਾ ਵਿੱਚ ਚੰਡੀਗੜ੍ਹ ਸ਼ਹਿਰ ਦਾ 10 ਸਾਲ ਪਹਿਲਾਂ ਦੀ ਇੱਕ ਨੰਬਰ ਰੈਂਕਿੰਗ ਤੋਂ ਪਛੜ ਕੇ ਅੱਜ 23ਵੇਂ ਨੰਬਰ ‘ਤੇ ਆਉਣ ਨੂੰ ਲੈਕੇ ਭਾਜਪਾ ਸਿਰ ਦੋਸ਼ ਮੜ੍ਹਿਆ।
ਚੰਡੀਗੜ੍ਹ ਦੇ ਮੇਅਰ ਵੱਲੋਂ ਨਗਰ ਨਿਗਮ ਦੀ ਸੈਨੀਟੇਸ਼ਨ ਕਮੇਟੀ ਦੀ ਸੂਚੀ ਵਿੱਚ ਭਾਜਪਾ ਕੌਂਸਲਰ ਭਾਰਤ ਕੁਮਾਰ ਨੂੰ ਬਤੌਰ ਮੈਂਬਰ ਸ਼ਾਮਲ ਕਰਨ ’ਤੇ ਚੰਡੀਗੜ੍ਹ ਕਾਂਗਰਸ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਇਸ ਬਾਰੇ ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਹਰਮੇਲ ਕੇਸਰੀ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਈਮੇਲ ਰਾਹੀਂ ਸ਼ਿਕਾਇਤ ਭੇਜੀ ਹੈ ਅਤੇ ਸ਼ਿਕਾਇਤ ਵਿੱਚ ਦੱਸਿਆ ਕਿ ਨਿਗਮ ਦੀ ਸੈਨੀਟੇਸ਼ਨ ਕਮੇਟੀ ਦੇ ਮੈਂਬਰਾਂ ਦੇ ਮਨਜੂਰੀ ਲਈ ਭੇਜੀ ਗਈ ਸੂਚੀ ਵਿੱਚ ਭਾਜਪਾ ਕੌਂਸਲਰ ਭਾਰਤ ਕੁਮਾਰ ਦਾ ਨਾਮ ਪਾਇਆ ਗਿਆ ਹੈ, ਜਦੋਂ ਕਿ ਇਸ ਕੌਂਸਲਰ ’ਤੇ ਬਤੌਰ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਸਾਲ 2017 ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਚੁੱਕੇ ਹਨ।
ਦੋਸ਼ ਰਾਜਨੀਤੀ ਤੋਂ ਪ੍ਰੇਰਿਤ: ਮੇਅਰ
ਮੇਅਰ ਰਵੀ ਕਾਂਤ ਸ਼ਰਮਾ ਨੇ ਕਿਹਾ ਕਿ ਇਹ ਸਾਰੇ ਦੋਸ਼ ਝੂਠੇ ਅਤੇ ਰਾਜਨੀਤੀ ਤੋਂ ਪ੍ਰੇਰਿਤ ਹਨ। ਡੋਰ ਟੂ ਡੋਰ ਗਾਰਬੇਜ ਕੁਲੈਕਸ਼ਨ ਦੇ ਵਾਹਨਾਂ ਦੇ ਚਾਲਕਾਂ ਦੀ ਭਰਤੀ ਲਈ ਉਨ੍ਹਾਂ ਵੱਲੋਂ ਕੋਈ ਸੂਚੀ ਨਗਰ ਨਿਗਮ ਕਮਿਸ਼ਨਰ ਨੂੰ ਨਹੀਂ ਦਿੱਤੀ ਗੲਹ ਹੈ। ਨਿਗਮ ਵੱਲੋਂ ਨਿਯਮਾਂ ਅਨੁਸਾਰ ਭਰਤੀ ਕੀਤੀ ਜਾ ਰਹੀ ਹੈ।