ਬਹਾਦਰਜੀਤ ਸਿੰਘ
ਰੂਪਨਗਰ, 28 ਜੂਨ
ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰੂਪਨਗਰ ਹਲਕੇ ਦੇ ਟਕਸਾਲੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਮੀਟਿੰਗ ਕਰਕੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਦਿਆਂ ਹਲਕੇ ਤੋਂ ਬਾਹਰੀ ਉਮੀਦਵਾਰ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਹੈ।
ਜ਼ਿਲ੍ਹਾ ਕਾਂਗਰਸ ਭਵਨ ਵਿਖੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਰੂਪਨਗਰ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਪਾਰਟੀ ਹਾਈ ਕਮਾਨ ਤੋਂ ਵਿਧਾਨ ਸਭਾ ਚੋਣਾਂ ਵਿੱਚ ਹਲਕੇ ਦੇ ਕਾਂਗਰਸੀ ਆਗੂ ਨੂੰ ਹੀ ਟਿਕਟ ਦੇਣ ਦੀ ਮੰਗ ਕੀਤੀ ਗਈ, ਤਾਂ ਜੋ ਇਸ ਹਲਕੇ ਵਿਚ ਡੇਢ ਦਹਾਕੇ ਤੋਂ ਹਾਰਦੀ ਆ ਰਹੀ ਕਾਂਗਰਸ ਨੂੰ ਜਿੱਤ ਦਿਵਾਈ ਜਾ ਸਕੇ। ਮਤੇ ਵਿੱਚ ਕਿਹਾ ਗਿਆ ਹੈ ਕਿ ਪਿਛਲੀ ਵਾਰ ਰੂਪਨਗਰ ਹਲਕੇ ਤੋਂ ਬਾਹਰੀ ਵਿਅਕਤੀ (ਬਰਿੰਦਰ ਸਿੰਘ ਢਿੱਲੋਂ) ਨੂੰ ਟਿਕਟ ਦਿੱਤੀ ਗਈ ਸੀ ਤੇ ਉਹ ਹਾਰ ਗਏ ਸਨ।
ਕਾਂਗਰਸੀ ਆਗੂਆਂ ’ਤੇ ਧੜੇਬੰਦੀ ਵਧਾਉਣ ਦਾ ਦੋਸ਼
ਬਰਿੰਦਰ ਸਿੰਘ ਢਿੱਲੋਂ ਦੇ ਸਮਰਥਕ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਕਾਂਗਰਸ ਪਾਰਟੀ ਦੇ ਦਲਿਤ ਵਿੰਗ ਦੇ ਆਗੂ ਰਾਜੇਸ਼ ਕੁਮਾਰ ਨੇ ਮੀਟਿੰਗ ਕਰਨ ਵਾਲੇ ਕਾਂਗਰਸੀ ਆਗੂਆਂ ’ਤੇ ਧੜੇਬੰਦੀ ਨੂੰ ਬੜਾਵਾ ਦੇਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਉਕਤ ਕਾਂਗਰਸੀ ਨੇਤਾ ਹਮੇਸ਼ਾ ਪਾਰਟੀ ਦਾ ਨੁਕਸਾਨ ਕਰਨ ’ਤੇ ਹੀ ਤੁਲੇ ਰਹਿੰਦੇ ਹਨ। ਹਲਕੇ ਦੇ ਲੋਕ ਇਨ੍ਹਾਂ ਦੇ ਅਕਸ ਤੇ ਪਾਰਟੀ ਵਿਰੋਧੀ ਸਰਗਰਮੀਆਂ ਤੋਂ ਵਾਕਫ਼ ਹਨ।