ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਖ਼ਿਲਾਫ਼ ਚੰਡੀਗੜ੍ਹ ਕਾਂਗਰਸ ਨੇ ਮਨੀਮਾਜਰਾ ਵਿੱਚ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਕਾਂਗਰਸ ਦੀ ਮਨੀਮਾਜਰਾ ਦੀ ਇਕਾਈ ਦੇ ਪ੍ਰਧਾਨ ਰਮੇਸ਼ਵਰ ਗਿਰੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਤੇ ਮਨੀਸ਼ ਬਾਂਸਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਮਨੀਮਾਜਰਾ ਦੇ ਮੁੱਖ ਬਾਜ਼ਾਰ ’ਚ ਪੈਦਲ ਮਾਰਚ ਕੀਤਾ। ਇਸ ਤੋਂ ਬਾਅਦ ਸੜਕ ਕਿਨਾਰੇ ਮਨੁੱਖੀ ਚੇਨ ਬਣਾ ਕੇ ਰੋਸ ਜ਼ਾਹਿਰ ਕੀਤਾ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਨੇ ਕਿਹਾ ਕਿ ਮਹਿੰਗਾਈ ਵਧਦੀ ਜਾ ਰਹੀ ਹੈ ਪਰ ਭਾਜਪਾ ਸਰਕਾਰ ਮਹਿੰਗਾਈ ’ਤੇ ਨੱਥ ਪਾਉਣ ਵਿੱਚ ਕਾਮਯਾਬ ਨਹੀਂ ਹੋ ਪਾ ਰਹੀ ਹੈ। ਕੇਂਦਰ ਸਰਕਾਰ ਮਹਿੰਗਾਈ ਜਾਂ ਲੋਕ ਸਮੱਸਿਆਵਾਂ ’ਤੇ ਕੰਮ ਕਰਨ ਦੀ ਥਾਂ ਕੇਂਦਰੀ ਮੰਤਰੀ ਮੰਡਲ ਦੇ ਫੇਰਬਦਲ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਅਦੇ ਕਰ ਕੇ ਹਰ ਘਰ ਦੀ ਰਸੋਈ ਦਾ ਬਜਟ ਹਿੱਲ ਚੁੱਕਿਆ ਹੈ।
ਸ੍ਰੀ ਚਾਵਲਾ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਭਾਜਪਾ ਨੂੰ ਚੁਣ ਕੇ ਕੇਂਦਰ ਵਿੱਚ ਭੇਜਿਆ ਅੱਜ ਭਾਜਪਾ ਉਨ੍ਹਾਂ ਲੋਕਾਂ ਨੂੰ ਹੀ ਨਜ਼ਰਅੰਦਾਜ਼ ਕਰ ਰਹੀ ਹੈ। ਦੇਸ਼ ਦਾ ਅੰਨਦਾਤਾ ਖੇਤੀ ਕਾਨੂੰਨਾਂ ਖ਼ਿਲਾਫ਼ ਸੱਤ ਮਹੀਨਿਆਂ ਤੋਂ ਅੰਦੋਲਨ ਕਰ ਰਿਹਾ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ਘੇਰਦੇ ਹੋਏ ਕਿਹਾ ਕਿ ਚੰਡੀਗੜ੍ਹ ਵਿੱਚ ਭਾਜਪਾ ਦੇ ਕਾਰਜਕਾਲ ਦੌਰਾਨ ਵਿਕਾਸ ਦੀ ਥਾਂ ਵਿਨਾਸ਼ ਹੋ ਰਿਹਾ ਹੈ। ਸੜਕਾਂ ਦੀ ਹਾਲਤ ਮਾੜੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਰ ਫਰੰਟ ’ਤੇ ਫੇਲ੍ਹ ਹੋ ਗਈ ਹੈ। ਇਸ ਦਾ ਨਤੀਜਾ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਮਿਲ ਜਾਵੇਗਾ।