ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਦਸੰਬਰ
ਨਿਗਮ ਚੋਣਾਂ ਤੋਂ ਦੋ ਦਿਨ ਪਹਿਲਾਂ ਚੰਡੀਗੜ੍ਹ ਕਾਂਗਰਸ ਨੇ ਬਿਜਲੀ ਵਿਭਾਗ ਦੇ ਨਿੱਜੀਕਰਨ ਦਾ ਵਿਰੋਧ ਕੀਤਾ ਹੈ ਜਿਸ ਸਬੰਧੀ ਚੰਡੀਗੜ੍ਹ ਕਾਂਗਰਸ ਦੇ ਆਗੂਆਂ ਨੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪਰੋਹਿਤ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ, ਦਿੱਲੀ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਅਭਿਸ਼ੇਕ ਦੱਤ, ਡੀਡੀ ਜਿੰਦਲ, ਵਿਨੋਦ ਸ਼ਰਮਾ, ਹਰਫੂਲ ਚੰਦ ਕਾਲੀਆ, ਰਾਜੇਸ਼ ਸ਼ਰਮਾ, ਰਾਜੀਵ ਸ਼ਰਮਾ ਅਤੇ ਨਿਗਮ ਚੋਣਾਂ ਦੇ ਸਾਰੇ ਉਮੀਦਵਾਰ ਸ਼ਾਮਲ ਰਹੇ।
ਕਾਂਗਰਸ ਨੇ 365.11 ਕਰੋੜ ਦੇ ਲਾਭ ਵਿੱਚ ਚੱਲ ਰਹੇ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੇ ਪਿੱਛੇ ਸ਼ੰਕੇ ਖੜ੍ਹੇ ਕਰਦਿਆਂ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਤਾਂ ਜੋ ਨਿੱਜੀਕਰਨ ਦੇ ਫ਼ੈਸਲੇ ਦਾ ਅਸਲ ਸੱਚ ਲੋਕਾਂ ਸਾਹਮਣੇ ਆ ਸਕੇ। ਸੁਭਾਸ਼ ਚਾਵਲਾ ਨੇ ਕਿਹਾ ਕਿ ਨਿੱਜੀਕਰਨ ਤੋਂ ਬਾਅਦ ਬਿਜਲੀ ਦੀਆਂ ਕੀਮਤਾਂ ’ਚ ਵਾਧਾ ਹੋਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ਪਹਿਲੀ 150 ਯੂਨਿਟ ਲਈ 2.5 ਰੁਪਏ ਦੀ ਭੁਗਤਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ’ਚ ਦੇਣ ਦੀ ਥਾਂ ਸਰਕਾਰੀ ਹੱਥ ’ਚ ਹੀ ਰੱਖਿਆ ਜਾਵੇ।
ਨਿਗਮ ਚੋਣਾਂ ਦੇ ਸਰਵੇਖਣ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ
ਚੰਡੀਗੜ੍ਹ ਕਾਂਗਰਸ ਨੇ ਨਿਗਮ ਚੋਣਾਂ ਸਬੰਧੀ ਨਿੱਜੀ ਚੈਨਲ ਵੱਲੋਂ ਕੀਤੇ ਗਏ ਸਰਵੇਖਣ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਵੇਖਣ ਇਕ ਪਾਸੜ ਦਿਖਾ ਕੇ ਇਕ ਰਾਜਸੀ ਪਾਰਟੀ ਨੂੰ ਲਾਭ ਪਹੁੰਚਾਉਣ ਦੀ ਗੱਲ ਕੀਤੀ ਗਈ ਹੈ। ਜੋ ਕਿ ਹਕੀਕਤ ਤੋਂ ਬਿਲਕੁਲ ਉਲਟ ਹੈ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਝੂਠਾ ਸਰਵੇਖਣ ਕਰਨ ਵਾਲੇ ਚੈਨਲ ਅਤੇ ਸਰਵੇਖਣ ਕਰਵਾਉਣ ਵਾਲੀ ਸਿਆਸੀ ਪਾਰਟੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸੇ ਦੌਰਾਨ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਇਕ ਨਿੱਜੀ ਚੈਨਲ ਤੋਂ ਸਰਵੇਖਣ ਕਰਵਾਉਣ ਦੇ ਦਾਅਵੇ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਭਾਜਪਾ ਨੂੰ ਮਿਲ ਰਹੇ ਹੁੰਗਾਰੇ ਨੂੰ ਦੇਖਦੇ ਹੋਏ ਅਜਿਹੇ ਪ੍ਰਚਾਰ ਕੀਤੇ ਜਾ ਰਹੇ ਹਨ।