ਪੱਤਰ ਪ੍ਰੇਰਕ
ਕੁਰਾਲੀ, 28 ਜਨਵਰੀ
ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਐਲਾਨ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਬਾਗੀ ਸੁਰਾਂ ਜ਼ੋਰਾਂ ’ਤੇ ਹਨ। ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ਕੁਮਾਰ ਟਿੰਕੂ ਨੂੰ ਕਾਂਗਰਸ ਵਲੋਂ ਹਲਕਾ ਖਰੜ ਤੋਂ ਟਿਕਟ ਦਿੱਤੇ ਜਾਣ ਉਪਰੰਤ ਟਿਕਟ ਦੇ ਦਾਅਵੇਦਾਰ ਮੰਨੇ ਜਾਂਦੇ ਨਟਰਾਜਨ ਕੌਸ਼ਲ ਨੇ ਅੱਜ ਇੱਥੇ ਆਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ ਤੇ ਅਗਲੀ ਰਣਨੀਤੀ ਬਾਰੇ ਵਿਚਾਰਾਂ ਕੀਤੀਆਂ। ਉਨ੍ਹਾਂ ਨੇ ਆਪਣੇ ਸਮਰਕਥਾਂ ਸਣੇ ਅੱਜ ਖਾਬੜਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਤੇ ਹਲਕੇ ਦੀ ਸਥਿਤੀ ਸਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ।
ਟਿਕਟ ਨਾ ਮਿਲਣ ਕਾਰਨ ਹੀ ਨਰਾਜ਼ ਚਲੇ ਆ ਰਹੇ ਯੂਥ ਕਾਂਗਰਸ ਦੇ ਸੂਬਾਈ ਮੀਤ ਪ੍ਰਧਾਨ ਜਸਵਿੰਦਰ ਸਿੰਘ ਜੱਸੀ ਨੇ ਵੀ ਪਾਰਟੀ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਵੀ ਪਾਰਟੀ ਉਮੀਦਵਾਰ ਵਿਜੇ ਕੁਮਾਰ ਟਿੰਕੂ ਅਤੇ ਮੁੱਖ ਮੰਤਰੀ ਖ਼ਿਲਾਫ਼ ਬਗਾਵਤ ਦਾ ਝੰਡਾ ਚੁੱਕ ਲਿਆ ਹੈ। ਸ੍ਰੀ ਕੰਗ ਨੇ ਪਾਰਟੀ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦਿਆਂ ਆਪਣੇ ਪੁੱਤਰ ਯਾਦਵਿੰਦਰ ਸਿੰਘ ਬੰਨੀ ਕੰਗ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਹੈ।