ਪੱਤਰ ਪ੍ਰੇਰਕ
ਲਾਲੜੂ, 15 ਫਰਵਰੀ
ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐੱਨ.ਕੇ. ਸ਼ਰਮਾ ਨੇ ਲਾਲੜੂ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਵੱਖ-ਵੱਖ ਥਾਵਾਂ ’ਤੇ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਗ਼ਰੀਬਾਂ ਦੀ ਯਾਦ ਸਿਰਫ਼ ਵੋਟਾਂ ਵੇਲੇ ਆਉਂਦੀ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨੇ ਗ਼ਰੀਬ ਲੋਕਾਂ ਦੀ ਭਲਾਈ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਆਰਥਿਕ ਪੱਖ ਤੋਂ ਕਮਜ਼ੋਰ ਲੋਕਾਂ ਲਈ ਆਟਾ ਦਾਲ ਸਕੀਮ, ਸ਼ਗਨ ਸਕੀਮ, ਸਕੂਲ ਜਾਂਦੀਆਂ ਲੜਕੀਆਂ ਵਾਸਤੇ ਮੁਫ਼ਤ ਸਾਈਕਲ ਦੇਣ ਦੀ ਸਕੀਮ, ਕਿਰਤੀ ਕਾਮਿਆਂ ਲਈ ਸਕੀਮ, ਬੁਢਾਪਾ ਪੈਨਸ਼ਨ ਸਮੇਤ ਹੋਰ ਕਈ ਮਹੱਤਵਪੂਰਨ ਸਕੀਮਾਂ ਚਲਾਈਆਂ।
ਦੀਪਇੰਦਰ ਢਿੱਲੋਂ ਦੇ ਹੱਕ ’ਚ ਚੋਣ ਪ੍ਰਚਾਰ
ਲਾਲੜੂ (ਪੱਤਰ ਪ੍ਰੇਰਕ): ਸਥਾਨਕ ਕਾਂਗਰਸੀ ਆਗੂਆਂ ਨੇ ਡੇਰਾਬਸੀ ਤੋਂ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਦੇ ਹੱਕ ਵਿੱਚ ਆਪੋ-ਆਪਣੇ ਖੇਤਰਾਂ ਵਿਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਲਾਲੜੂ, ਹੰਡੇਸਰਾ, ਖੇਲਣ, ਸਰਸੀਣੀ, ਝਾਰਮੜੀ ਪਿੰਡਾਂ ਵਿੱਚ ਕਾਂਗਰਸੀ ਆਗੂਆਂ, ਜ਼ਿਲ੍ਹਾ ਪਰਿਸ਼ਦ ਮੈਂਬਰਾਂ, ਬਲਾਕ ਸਮਿਤੀ ਮੈਂਬਰਾਂ ਤੇ ਪੰਚਾਂ-ਸਰਪੰਚਾਂ ਨੇ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਤੇ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਕਾਂਗਰਸੀ ਆਗੂ ਮੁਕੇਸ਼ ਰਾਣਾ, ਕੌਂਸਲਰ ਸੁਸ਼ੀਲ ਮਗਰਾ ਅਤੇ ਯੁਗੇਸ਼ ਰਾਣਾ, ਰਣਦੀਪ ਰਾਣਾ ਆਦਿ ਆਗੂ ਮੌਜੂਦ ਸਨ।