ਹਰਜੀਤ ਸਿੰਘ
ਜ਼ੀਰਕਪੁਰ, 5 ਮਈ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਅਮੋਲਕ ਐਨਕਲੇਵ ਪਹੁੰਚ ਕੇ ਲੰਘੇ ਦਿਨੀਂ ਪੰਚਕੂਲਾ ਤੋਂ ਛੱਪਦੇ ਇਕ ਹਿੱਦੀ ਅਖ਼ਬਾਰ ਦੇ ਪੱਤਰਕਾਰ ਆਲੋਕ ਵਰਮਾ ਜਿਸ ’ਤੇ ਲੰਘੇ ਦਿਨੀਂ ਰਾਤ ਦੇ ਹਨੇਰੇ ’ਚ ਲੁਟੇਰਿਆਂ ਨੇ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਕੇ ਮੋਬਾਈਲ ਫੋਨ ਤੇ ਨਕਦੀ ਖੋਹ ਲਈ ਸੀ, ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਆਲੋਕ ਵਰਮਾ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਤੇ ਪੱਤਰਕਾਰ ਦੇ ਹੌਸਲੇ ਦੀ ਸ਼ਲਾਘਾ ਕੀਤੀ। ਆਲੋਕ ਵਰਮਾ ਮੰਗਲਵਾਰ ਦੇਰ ਰਾਤ ਤਕਰੀਬਨ ਢਾਈ ਵਜੇ ਅਖ਼ਬਾਰ ਤੋਂ ਡਿਊਟੀ ਖ਼ਤਮ ਕਰ ਘਰ ਵਾਪਸ ਪਰਤ ਰਿਹਾ ਸੀ। ਇਸ ਦੌਰਾਨ ਜਦੋਂ ਉਹ ਰਾਹ ਵਿੱਚ ਜ਼ਮਨਾ ਐਨਕਲੇਵ ਕਲੋਨੀ ’ਚ ਪਹੁੰਚਿਆ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਇਸ ਨਾਲ ਉਹ ਬੇਸੁੱਧ ਹੋ ਕੇ ਧਰਤੀ ’ਤੇ ਡਿੱਗ ਗਿਆ ਤੇ ਗੰਭੀਰ ਜ਼ਖ਼ਮੀ ਹੋ ਗਿਆ। ਇਸ ਮਗਰੋਂ ਲੁਟੇਰੇ ਉਸ ਨੂੰ ਡਿੱਗੇ ਨੂੰ ਵੀ ਕੁੱਟਦੇ ਰਹੇ ਤੇ ਮੌਕੇ ਤੋਂ ਫ਼ਰਾਰ ਹੋ ਗਏ ਸੀ। ਉਸਦਾ ਮੋਬਾਈਲ ਤੇ ਪਰਸ ਗਾਇਬ ਸੀ ਜਿਸ ’ਚ ਨਕਦੀ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਉਸਨੂੰ ਪਰਿਵਾਰਕ ਮੈਂਬਰ ਚੰਡੀਗੜ੍ਹ ਸੈਕਟਰ-32 ਹਸਪਤਾਲ ਲੈ ਗਏ ਜਿਥੇ ਉਸਦੇ ਸਿਰ ’ਚ 27 ਟਾਂਕੇ ਲੱਗੇ ਸਨ।
ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਦਿਨ ਦਿਹਾੜੇ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਇਕ ਮਹੀਨੇ ’ਚ 27 ਦੇ ਕਰੀਬ ਨੌਜਵਾਨ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ ਪਰ ਮੁੱਖ ਮੰਤਰੀ ਹੋਰ ਰਾਜਾਂ ’ਚ ਪਾਰਟੀ ਦਾ ਪ੍ਰਚਾਰ ਕਰਨ ’ਚ ਰੁੱਝਿਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਕਿ ਉਹ ਸੂਬੇ ’ਚ ਫੈਲ ਰਹੀ ਅਰਾਜਕਤਾ ਨੂੰ ਰੋਕਣ। ਉਨ੍ਹਾਂ ਕਿਹਾ ਕਿ ਪੰਜਾਬ ਬਿਜਲੀ ਸੰਕਟ ਵਿੱਚ ਘਿਰਿਆ ਹੋਇਆ ਹੈ ਤੇ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜ਼ਾਬਤੇ ’ਚ ਰਹਿ ਕੇ ਲੋਕਾਂ ਦੇ ਮੁੱਦੇ ਚੁੱਕੇਗੀ। ਰਾਜਾ ਵੜਿੰਗ ਨੇ ਕਿਹਾ ਕਿ ‘ਆਪ’ ਨੇ ਚੋਣਾਂ ਸਮੇਂ ਜੋ ਵਾਅਦੇ ਕੀਤੇ ਸਨ ਉਸ ਨੂੰ ਪੂਰਾ ਕਰਨਾ ਚਾਹੀਦਾ ਹੈ।
ਪੱਤਰਕਾਰ ’ਤੇ ਹਮਲੇ ਸਬੰਧੀ ਕੇਸ ਦਰਜ
ਪੱਤਰਕਾਰ ਦੇ ਹਮਲੇ ਦੇ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਖ਼ਮੀ ਪੱਤਰਕਾਰ ਨੇ ਦੱਸਿਆ ਕਿ ਹਮਲਾਵਰ ਉਸਦਾ ਨੋਕੀਆ ਦਾ ਮੋਬਾਈਲ ਤੇ ਪਰਸ ਲੈ ਗਏ। ਪਰਸ ਵਿੱਚ ਹਜ਼ਾਰ ਰੁਪਏ ਦੀ ਨਕਦੀ ਤੇ ਜ਼ਰੂਰੀ ਦਸਤਾਵੇਜ਼ ਸੀ।