ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 6 ਸਤੰਬਰ
ਪੰਜਾਬ ਸਰਕਾਰ ਵੱਲੋਂ ਪੈਟਰੋਲ, ਡੀਜ਼ਲ ਅਤੇ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਦੇ ਰੋਸ ਵਜੋਂ ਅੱਜ ਕਾਂਗਰਸ ਪਾਰਟੀ ਵੱਲੋਂ ਮੁਹਾਲੀ ਵਿੱਚ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗੇਟ ’ਤੇ ਦੋ ਘੰਟਿਆਂ ਦੇ ਕਰੀਬ ਚੱਲੇ ਧਰਨੇ ਦੌਰਾਨ ਕਾਂਗਰਸੀ ਵਰਕਰਾਂ ਨੇ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਵਧਾਉਣ ਤੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਸੱਤ ਕਿਲੋਵਾਟ ਤੱਕ ਦੇ ਖ਼ਪਤਕਾਰਾਂ ਨੂੰ ਤਿੰਨ ਰੁਪਏ ਪ੍ਰਤੀ ਯੂਨਿਟ ਦੀ ਦਿੱਤੀ ਸਬਸਿਡੀ ਵਾਪਸ ਲੈ ਕੇ ਪੰਜਾਬ ਸਰਕਾਰ ਨੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
ਇਸ ਧਰਨੇ ਨੂੰ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਸ਼ਹਿਰੀ ਕਾਂਗਰਸ ਮੁਹਾਲੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ, ਕਮਲਜੀਤ ਸਿੰਘ ਚਾਵਲਾ, ਭਗਤ ਸਿੰਘ ਨਾਮਧਾਰੀ, ਮੁਹਾਲੀ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਕੌਂਸਲਰ ਸੁੱਚਾ ਸਿੰਘ ਕਲੌੜ, ਕੌਂਸਲਰ ਨਵਜੋਤ ਸਿੰਘ ਬਾਛਲ, ਮੰਗਤ ਖਾਨ ਝੰਜੇੜੀ, ਬਾਬੂ ਸਿੰਘ ਪਮੌਰ, ਧਰਮ ਸਿੰਘ ਸੈਣੀ, ਰਾਜੇਸ਼ ਲਖੋਤਰਾ ਨੇ ਵੀ ਸੰਬੋਧਨ ਕੀਤਾ।
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸੂ ਸੂਦ): ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾ ’ਤੇ ਵੈਟ ਵਿੱਚ ਵਾਧਾ ਅਤੇ ਬਿਜਲੀ ਸਬਸਿਡੀ ਵਾਪਸ ਲੈਣ ਖ਼ਿਲਾਫ਼ ਪੰਜਾਬ ਕਾਂਗਰਸ ਵੱਲੋਂ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਉਲੀਕੇ ਧਰਨਿਆਂ ਦੇ ਪ੍ਰੋਗਰਾਮ ਤਹਿਤ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਡਾ. ਸਿਕੰਦਰ ਸਿੰਘ ਦੀ ਅਗਵਾਈ ਹੇਠ ਇੱਥੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਤੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਧਰਨੇ ਨੂੰ ਜਿਲਾ ਮੀਤ ਪ੍ਰਧਾਨ ਕੁਲਵੰਤ ਸਿੰਘ ਢਿਲੋ, ਬਲਾਕ ਪ੍ਰਧਾਨ ਗੁਰਮਖ ਸਿੰਘ ਪੰਡਰਾਲੀ, ਪ੍ਰਧਾਨ ਉਂਕਾਰ ਸਿੰਘ, ਦਵਿੰਦਰ ਜੱਲ੍ਹਾ, ਯੂਥ ਕਾਂਗਰਸ ਦੇ ਸੂਬਾ ਸਕੱਤਰ ਜਸਵੀਰ ਸਿੰਘ, ਅਤੇ ਡਾ. ਹਰਪਾਲ ਸਲਾਣਾ ਨੇ ਸੰਬੋਧਨ ਕੀਤਾ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਮਿਉਂਸਿਪਲ ਕਮੇਟੀ ਨਵਾਂ ਗਰਾਉਂ ਦਫ਼ਤਰ ਸਾਹਮਣੇ ਅੱਜ ਸਥਾਨਕ ਲੋਕਾਂ ਵੱਲੋਂ ਪੰਜਾਬ ਸਰਕਾਰ ਤੇ ਕਮੇਟੀ ਦੀ ਕਾਰਗੁਜ਼ਾਰੀ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵੇਲੇ ਜੱਦੋ-ਜਹਿਦ ਕਰ ਕੇ ਨਵਾਂ ਗਰਾਉਂ ਨੂੰ ਐਨਏਸੀ ਦਾ ਦਰਜਾ ਦਿਵਾਇਆ ਗਿਆ ਸੀ ਪਰ ਅੱਜ ਤਕ ਨਵਾਂ ਗਰਾਉਂ ਵਿੱਚ ਢੁੱਕਵੇਂ ਸੀਵਰੇਜ, ਪੀਣ ਵਾਲੇ ਪਾਣੀ, ਗਲੀਆਂ, ਨਾਲੀਆਂ ਤੇ ਸਟਰੀਟ ਲਾਈਟਾਂ ਆਦਿ ਦਾ ਪ੍ਰਬੰਧ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਤੇਲ ਕੀਮਤਾਂ ਤੇ ਬਿਜਲੀ ਦਰਾਂ ਵਧਾ ਕੇ ਲੋਕ ਵਿਰੋਧ ਫ਼ੈਸਲਾ ਕੀਤਾ ਹੈ।
ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਰੂਪਨਗਰ (ਜਗਮੋਹਨ ਸਿੰਘ): ਪੰਜਾਬ ਸਰਕਾਰ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿੱਚ ਵਾਧੇ ਵਿਰੁੱਧ ਰੋਸ ਪ੍ਰਗਟਾਉਣ ਲਈ ਅੱਜ ਜ਼ਿਲ੍ਹਾ ਰੂਪਨਗਰ ਕਾਂਗਰਸ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਰਾਜੇਸ਼ਵਰ ਲਾਲੀ, ਸੁਖਦੇਵ ਸਿੰਘ ਬੁਲਾਰਾ ਪੰਜਾਬ ਕਾਂਗਰਸ, ਐਡਵੋਕੇਟ ਵਿਸ਼ਵਪਾਲ ਸਿੰਘ ਰਾਣਾ, ਐਮਸੀ ਪੋਮੀ ਸੋਨੀ, ਸ਼ਹਿਰੀ ਪ੍ਰਧਾਨ ਮਿੰਟੂ ਸ਼ਰਾਫ, ਦਫ਼ਤਰ ਇੰਚਾਰਜ ਭੁਪਿੰਦਰ ਸਿੰਘ ਰੈਲੋਂ, ਜਗਮੋਹਨ ਸਿੰਘ ਰੰਗੀਲਪੁਰ, ਰਾਣਾ ਰੰਗੀਲਪੁਰ ਆਦਿ ਸਣੇ ਵੱਡੀ ਗਿਣਤੀ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਤੇਲ ਕੀਮਤਾਂ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਮੌਕੇ ਨਾਅਰੇਬਾਜ਼ੀ ਕਰਨ ਉਪਰੰਤ ਪੁਤਲਾ ਫੂਕਿਆ ਗਿਆ ਤੇ ਐੱਸਡੀਐੱਮ ਰੂਪਨਗਰ ਰਾਹੀਂ ਡੀਸੀ ਰੂਪਨਗਰ ਨੂੰ ਮੰਗ ਪੱਤਰ ਸੌਂਪਿਆ ਗਿਆ।