ਹਰਜੀਤ ਸਿੰਘ
ਡੇਰਾਬੱਸੀ, 30 ਅਪਰੈਲ
ਸੂਬੇ ਵਿੱਚ ਸਰਕਾਰ ਬਦਲਦੇ ਹੀ ਡੇਰਾਬੱਸੀ ਵਿੱਚ ਉਸਾਰੇ ਜਾਣ ਵਾਲੇ ਬਹੁਕਰੋੜੀ ਬੱਸ ਅੱਡੇ ਦਾ ਪ੍ਰਾਜੈਕਟ ਵਿਚਾਲੇ ਹੀ ਲੱਟਕ ਗਿਆ ਹੈ। ਮਾਤਾ ਗੁਜਰ ਕੌਰ ਦੇ ਨਾਂ ’ਤੇ 20 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਬਹੁਮੰਜ਼ਿਲੀ ਇਸ ਪ੍ਰਾਜੈਕਟ ਦੇ ਫੰਡਾਂ ’ਤੇ ਸੂਬੇ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੋਕ ਲਾ ਦਿੱਤੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲੰਘੀ ਕਾਂਗਰਸ ਦੀ ਸਰਕਾਰ ਵੇਲੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਵੱਲੋਂ ਇਸ ਪ੍ਰਾਜੈਕਟ ਦੀ ਯੋਜਨਾ ਤਿਆਰ ਕੀਤੀ ਗਈ ਸੀ। ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਸ੍ਰੀ ਢਿੱਲੋਂ ਨੇ ਰੱਖਿਆ ਸੀ। 20 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਇਸ ਪ੍ਰਾਜੈਕਟ ਵਿੱਚ 10 ਕਰੋੜ ਨਗਰ ਕੌਂਸਲ ਡੇਰਾਬੱਸੀ ਵੱਲੋਂ ਤੇ 10 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਆਪਣਾ ਯੋਗਦਾਨ ਦੇਣਾ ਸੀ। ਪਰ ਸੂਬੇ ’ਚ ਸਰਕਾਰ ਬਦਲਦੇ ਹੀ ਪੰਜਾਬ ਸਰਕਾਰ ਨੇ ਇਸ ਫੰਡ ’ਤੇ ਜਾਰੀ ਕਰਨ ’ਤੇ ਰੋਕ ਲਾ ਦਿੱਤੀ ਹੈ। ਯੋਜਨਾ ਮੁਤਾਬਕ ਬੱਸ ਸਟੈਂਡ ’ਤੇ ਸਥਿਤ ਕੌਂਸਲ ਦੀ ਇਮਾਰਤ ਨੂੰ ਤੋੜ ਕੇ ਬਹੁਮੰਜ਼ਿਲੀ ਇਮਾਰਤ ਬਣਾਈ ਜਾਣੀ ਸੀ। ਇਸ ਇਮਾਰਤ ਵਿੱਚ ਸ਼ਾਪਿੰਗ ਕੰਪਲੈਕਸ ਤੋਂ ਇਲਾਵਾ ਇਸ ’ਚ ਹੀ ਅਤਿ ਆਧੁਨਿਕ ਕੌਂਸਲ ਦਫ਼ਤਰ ਤਿਆਰ ਕੀਤਾ ਜਾਣਾ ਸੀ। ਇਸ ਯੋਜਨਾ ਨੂੰ ਅਮਲੀ ਜਾਮਾ ਪਹਿਣਾਉਣ ਲਈ ਕੌਂਸਲ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਚੋਣਾਂ ਤੋਂ ਪਹਿਲਾਂ ਕੌਂਸਲ ਦਫ਼ਤਰ ਨੂੰ ਤੋੜਨ ਲਈ ਖਾਲੀ ਕਰਦੇ ਹੋਏ ਬਰਵਾਲਾ ਰੋਡ ’ਤੇ ਸੈਣੀ ਭਵਨ ’ਚ ਆਰਜ਼ੀ ਦਫਤਰ ਤਬਦੀਲ ਕਰ ਦਿੱਤਾ ਸੀ। ਹਾਲਾਂਕਿ ਉਸ ਵੇਲੇ ਸੈਣੀ ਸਮਾਜ ਵੱਲੋਂ ਸੈਣੀ ਭਵਨ ’ਚ ਕੌਂਸਲ ਦਫ਼ਤਰ ਤਬਦੀਲ ਕਰਨ ਦਾ ਵਿਰੋਧ ਕੀਤਾ ਗਿਆ ਸੀ। ਇਹ ਪ੍ਰਾਜੈਕਟ ਵਿਚਾਲੇ ਲੱਟਕਣ ਮਗਰੋਂ ਕੌਂਸਲ ਪ੍ਰਧਾਨ ਤੇ ਅਧਿਕਾਰੀ ਭੰਬਲਭੂਸੇ ਵਿੱਚ ਹਨ ਕਿ ਪੰਜਾਬ ਸਰਕਾਰ ਮਨਜ਼ੂਰੀ ਦਿੰਦੀ ਵੀ ਹੈ ਜਾਂ ਨਹੀਂ।
ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਮਿਲ ਗਈ ਸੀ ਤੇ ਉਨ੍ਹਾਂ ਕੌਂਸਲ ਦਫ਼ਤਰ ਨੂੰ ਤੋੜਨ ਦਾ ਵੀ ਟੈਂਡਰ ਕੱਢ ਦਿੱਤਾ ਸੀ। ਸੂਬੇ ’ਚ ਸਰਕਾਰ ਬਦਲਣ ਮਗਰੋਂ ਪੰਜਾਬ ਸਰਕਾਰ ਨੇ ਜਾਰੀ ਕੀਤੇ ਜਾਣ ਵਾਲੇ ਦਸ ਕਰੋੜ ਰੁਪਏ ਦੇ ਫੰਡ ’ਤੇ ਰੋਕ ਲਾ ਦਿੱਤੀ ਹੈ ਜਦੋਂਕਿ ਕੌਂਸਲ ਦੇ ਹਿੱਸੇ ਦੇ 10 ਕਰੋੜ ਰੁਪਏ ਉਨ੍ਹਾਂ ਕੋਲ ਤਿਆਰ ਹਨ। ਫਿਹਾਲ ਪੁਰਾਣੇ ਕੌਂਸਲ ਭਵਨ ਨੂੰ ਤੋੜੇ ਜਾਣ ’ਤੇ ਰੋਕ ਲਾ ਦਿੱਤੀ ਗਈ ਹੈ।