ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 27 ਮਈ
ਨਜ਼ਦੀਕੀ ਪਿੰਡ ਚੱਪੜਚਿੜੀ ਕਲਾਂ ਦੀ ਸ਼ਾਮਲਾਤ ਜ਼ਮੀਨ ’ਤੇ ਲੁੱਕ ਪਲਾਂਟ (ਹੁਣ ਬੰਦ ਪਏ) ਦੇ ਠੇਕੇ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗਰਾਮ ਪੰਚਾਇਤ, ਪਿੰਡ ਵਾਸੀ ਅਤੇ ਠੇਕੇਦਾਰ ਆਹਮੋ ਸਾਹਮਣੇ ਆ ਗਏ ਹਨ। ਇਕ ਪਾਸੇ ਜਿੱਥੇ ਪਿੰਡ ਵਾਸੀ ਅਤੇ ਸਰਪੰਚ ਕੈਪਟਨ ਪਿਆਰਾ ਸਿੰਘ ਦਾ ਦੋਸ਼ ਹੈ ਕਿ ਠੇਕੇਦਾਰ ਅਵਤਾਰ ਸਿੰਘ ਵਾਲੀਆ ਸ਼ਾਮਲਾਤ ਜ਼ਮੀਨ ਦੇ ਠੇਕੇ ਦੇ ਬਕਾਇਆ ਪੈਸੇ ਨਹੀਂ ਦੇ ਰਹੇ, ਉੱਥੇ ਦੂਜੇ ਪਾਸੇ ਠੇਕੇਦਾਰ ਵਾਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਵੱਲ ਕੋਈ ਬਕਾਇਆ ਨਹੀਂ ਰਹਿੰਦਾ।
ਸਰਪੰਚ ਕੈਪਟਨ ਪਿਆਰਾ ਸਿੰਘ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਅਤੇ ਨੰਬਰਦਾਰ ਹਰਬੰਸ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਕਰੀਬ 12 ਸਾਲ ਪਹਿਲਾਂ (2006-07) ਵਿੱਚ ਅਵਤਾਰ ਸਿੰਘ ਵਾਲੀਆ ਨੂੰ ਪਟਿਆਲਾ ਕੀ ਰਾਓ ਨਦੀ ਦੇ ਕੰਢੇ ਲੁੱਕ ਪਲਾਂਟ ਚਲਾਉਣ ਲਈ ਸ਼ਾਮਲਾਤ ਜ਼ਮੀਨ ਠੇਕੇ ਉੱਤੇ ਦਿੱਤੀ ਸੀ ਜੋ ਸਾਲ 2016-17 ਤੱਕ ਜ਼ਮੀਨ ਦੇ ਠੇਕੇ ਦੇ ਪੈਸੇ ਦਿੰਦਾ ਰਿਹਾ ਪ੍ਰੰਤੂ ਬਾਅਦ ਵਿੱਚ ਨਾ ਤਾਂ ਉਸ ਨੇ ਸ਼ਾਮਲਾਤ ਜ਼ਮੀਨ ਦੇ ਠੇਕੇ ਦੇ ਪੈਸੇ ਦਿੱਤੇ ਅਤੇ ਨਾ ਹੀ ਜ਼ਮੀਨ ਦਾ ਕਬਜ਼ਾ ਛੱਡਿਆ। ਸਰਪੰਚ ਨੇ ਕਿਹਾ ਕਿ ਉਨ੍ਹਾਂ ਠੇਕੇਦਾਰ ਨੂੰ ਬਕਾਇਆ ਰਾਸ਼ੀ ਦੇਣ ਅਤੇ ਜ਼ਮੀਨ ਦਾ ਕਬਜ਼ਾ ਛੱਡਣ ਦੀ ਅਪੀਲ ਕੀਤੀ ਗਈ ਪ੍ਰੰਤੂ ਉਨ੍ਹਾਂ ਕੋਈ ਆਈ ਗਈ ਨਹੀਂ ਦਿੱਤੀ ਅਤੇ ਅੱਜ ਸਿਖਰ ਦੁਪਹਿਰੇ ਤਿੰਨ ਟਰੈਕਟਰ-ਟਰਾਲੀਆਂ ਅਤੇ ਜੇਸੀਬੀ ਲੈ ਕੇ ਬੰਦ ਪਏ ਲੁੱਕ ਪਲਾਂਟ ’ਚੋਂ ਬਜਰੀ ਚੁੱਕਣ ਪਹੁੰਚ ਗਏ। ਸੂਚਨਾ ਮਿਲਦੇ ਹੀ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਕੇ ’ਤੇ ਪਹੁੰਚ ਗਏ ਅਤੇ ਬਜਰੀ ਨਾਲ ਭਰੀਆਂ ਤਿੰਨੇ ਟਰਾਲੀਆਂ ਨੂੰ ਘੇਰ ਲਿਆ। ਉਨ੍ਹਾਂ ਕਿਹਾ ਕਿ ਠੇਕੇਦਾਰ ਪਹਿਲਾਂ ਬਕਾਇਆ ਰਾਸ਼ੀ ਦੇਵੇ ਅਤੇ ਜ਼ਮੀਨ ਦਾ ਕਬਜ਼ਾ ਛੱਡੇ। ਇਸ ਤੋਂ ਬਾਅਦ ਹੀ ਬਜਰੀ ਚੁੱਕਣ ਦਿੱਤੀ ਜਾਵੇ। ਦੋਵਾਂ ਧਿਰਾਂ ਵਿੱਚ ਆਪਸੀ ਸਹਿਮਤੀ ਨਾ ਬਣਨ ਕਾਰਨ ਮਾਮਲਾ ਥਾਣੇ ਪਹੁੰਚ ਗਿਆ।
ਕੀ ਕਹਿਣਾ ਹੈ ਠੇਕੇਦਾਰ ਦਾ
ਠੇਕੇਦਾਰ ਅਵਤਾਰ ਸਿੰਘ ਵਾਲੀਆ ਨੇ ਪਿੰਡ ਵਾਸੀਆਂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਸ ਵੱਲ ਕੋਈ ਦੇਣਦਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਲੁੱਕ ਪਲਾਂਟ ਚੱਲਦਾ ਰਿਹਾ ਹੈ, ਉਦੋਂ ਤੱਕ (2016-17) ਜ਼ਮੀਨ ਦੇ ਠੇਕੇ ਦੇ ਸਾਰੇ ਪੈਸਿਆਂ ਦਾ ਭੁਗਤਾਨ ਕਰਕੇ ਜ਼ਮੀਨ ਠੇਕਾ ਰੱਦ ਕਰਨ ਲਈ ਪੰਚਾਇਤ ਨੂੰ ਕਹਿ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜਦੋਂ ਇੱਥੇ ਲੁੱਕ ਪਲਾਂਟ ਚੱਲਦਾ ਹੀ ਨਹੀਂ ਹੈ ਅਤੇ ਨਾ ਹੀ ਇਹ ਜ਼ਮੀਨ ਉਸ ਵੱਲੋਂ ਵਰਤੀ ਜਾ ਰਹੀ ਹੈ ਤਾਂ ਪੰਚਾਇਤ ਕਿਸ ਗੱਲ ਦੇ ਪੈਸੇ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੁੱਕ ਪਲਾਂਟ ਚਲਦਾ ਸੀ ਉਦੋਂ ਉਸ ਨੇ ਸੜਕ ਵੀ ਬਣਾ ਕੇ ਦਿੱਤੀ ਸੀ।