ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਨਵੰਬਰ
ਚੰਡੀਗੜ੍ਹ ਪੁਲੀਸ ਨੇ ਸੈਕਟਰ-26 ਅਨਾਜ ਮੰਡੀ ਦੇ ਨੇੜੇ ਦੜਾ ਸੱਟਾ ਲਾਊਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ 13, 910 ਰੁਪਏ ਦੀ ਨਕਦੀ ਵੀ ਫੜੀ ਹੈ। ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਵਾਸੀ ਫੇਸ-2 ਬਾਪੂ ਧਾਮ ਕਲੋਨੀ ਚੰਡੀਗੜ੍ਹ ਵਜੋਂ ਹੋਈ ਹੈ। ਇਹ ਕਾਰਵਾਈ ਥਾਣਾ ਸੈਕਟਰ-26 ਦੀ ਪੁਲੀਸ ਪਾਰਟੀ ਵੱਲੋਂ ਕੀਤੀ ਗਈ ਹੈ। ਪੁਲੀਸ ਅਨੁਸਾਰ ਉਹ ਸੈਕਟਰ-26 ’ਚ ਗਸ਼ਤ ਕਰ ਰਹੇ ਸਨ ਜਦੋਂ ਉਹ ਅਨਾਜ ਮੰਡੀ ਸੈਕਟਰ-26 ਦੇ ਨਜ਼ਦੀਕ ਪਹੁੰਚੇ ਤਾਂ ਇਕ ਵਿਅਕਤੀ ਕਾਰ ਨੂੰ ਦਰਖਤ ਹੇਠਾਂ ਖੜਾ ਕੇ ‘100 ਰੁਪਏ ਲਗਾਓ ਤੇ ਬਦਲੇ ਵਿੱਚ 900 ਪਾਓ’ ਦੇ ਹੋਕੇ ਦੇ ਰਿਹਾ ਸੀ। ਚੰਡੀਗੜ੍ਹ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਨ ਲਈ ਉਸ ਕੋਲ ਗਾਹਕ ਬਣ ਕੇ ਗਏ। ਇਸ ਦੌਰਾਨ ਪੁਲੀਸ ਮੁਲਾਜ਼ਮ ਨੇ ਵੀ 100 ਰੁਪਏ ਦੜੇ ਸੱਟੇ ’ਤੇ ਲਗਾ ਕੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਜਿਸ ਤੋਂ 13,910 ਰੁਪਏ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸੈਕਟਰ-26 ਵਿੱਚ ਕੇਸ ਦਰਜ ਕਰ ਦਿੱਤਾ ਹੈ।
ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਆਲੇ ਦੁਆਲੇ ਕੋਈ ਗ਼ੈਰਕਾਨੂੰਨੀ ਕੰਮ ਕਰਦਾ ਵਿਖਾਈ ਦੇਵੇ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਗੈਰਸਮਾਜੀ ਅਨਸਰਾਂ ਖ਼ਿਲਾਫ਼ ਸਖਤੀ ਨਾਲ ਕਾਰਵਾਈ ਕੀਤੀ ਜਾ ਸਕੇ।