ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 13 ਜੁਲਾਈ ਮੁਹਾਲੀ ਪੁਲੀਸ ਨੇ ਸ਼ਾਦੀ ਡਾਟਕਾਮ ’ਤੇ ਨਕਲੀ ਆਈਡੀ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਸ ਗੱਲ ਦਾ ਖੁਲਾਸਾ ਕਰਦਿਆਂ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਨੂੰ ਜ਼ਿਲ੍ਹਾ ਪੁਲੀਸ ਦੇ ਸਾਈਬਰ ਸੈੱਲ ਦੇ ਡੀਐਸਪੀ ਅਮਨਦੀਪ ਸਿੰਘ ਤੇ ਸੋਹਾਣਾ ਥਾਣੇ ਦੇ ਐੱਸਐੱਚਓ ਭਗਵੰਤ ਸਿੰਘ ਦੀ ਟੀਮ ਨੇ ਸਾਂਝੇ ਅਪਰੇਸ਼ਨ ਦੌਰਾਨ ਕੀਤੀ। ਮੁਲਜ਼ਮ ਰਮਨਵੀਰ ਕੌਰ ਵਾਸੀ ਅੰਮ੍ਰਿਤਸਰ ਤੇ ਉਸ ਦੇ ਸਾਥੀ ਬਲਜੀਤ ਸਿੰਘ ਵਾਸੀ ਤਰਨਤਾਰਨ ਖ਼ਿਲਾਫ਼ ਸੋਹਾਣਾ ਥਾਣੇ ’ਚ ਧਾਰਾ 420, 406, 120ਬੀ ਤੇ 66 (ਸੀ) ਆਈਟੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਰਮਨਵੀਰ ਕੌਰ ਇਸ ਵੇਲੇ ਮੁਹਾਲੀ ’ਚ ਰਹਿੰਦੀ ਹੈ।
ਪੁਲੀਸ ਅਨੁਸਾਰ ਬਲਜੀਤ ਸਿੰਘ ਨੇ ਆਪਣੇ ਨਾਂ ’ਤੇ ਮੋਬਾਈਲ ਨੰਬਰ/ਸਿਮ ਕਾਰਡ ਲੈ ਕੇ ਰਮਨਵੀਰ ਕੌਰ ਦਿੰਦਾ ਸੀ। ਫਿਰ ਇਹ ਔਰਤ ਵੱਖ-ਵੱਖ ਨਾਵਾਂ ’ਤੇ ਸ਼ਾਦੀ ਡਾਟਕਾਮ ਮੈਟਰੀਮੋਨੀਅਲ ਸਾਈਟ ’ਤੇ ਅਕਾਊਂਟ ਬਣਾ ਕੇ ਵਿਆਹ ਲਈ ਲੜਕੀ ਦੀ ਭਾਲ ਕਰਦੇ ਲੋਕਾਂ ਨਾਲ ਤਾਲਮੇਲ ਕਰਦੀ ਸੀ ਅਤੇ ਉਨ੍ਹਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਸਬੰਧਤ ਵਿਅਕਤੀਆਂ ਨੂੰ ਮੁਹਾਲੀ ਵਿੱਚ ਬੁਲਾਉਂਦੀ ਸੀ। ਉਕਤ ਔਰਤ ਨੂੰ ਮੁਹਾਲੀ ਮਿਲਣ ਆਉਂਦੇ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਸਾਂਝੀ ਐਫ਼ਡੀ ਖੁਲ੍ਹਵਾਉਣ ਤੇ ਰਜਿਸਟਰੀ ਕਰਵਾਉਣ ਲਈ ਉਨ੍ਹਾਂ ਤੋਂ ਪੈਸੇ ਲੈ ਲੈਂਦੀ ਸੀ ਤੇ ਬਾਅਦ ਵਿੱਚ ਰਫੂ ਚੱਕਰ ਹੋ ਜਾਂਦੀ ਸੀ ਤੇ ਆਪਣਾ ਪੁਰਾਣਾ ਮੋਬਾਈਲ ਨੰਬਰ ਬੰਦ ਕਰ ਲੈਂਦੀ ਸੀ।