ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 22 ਨਵੰਬਰ
ਬਲੌਂਗੀ ਪੁਲੀਸ ਨੇ 69 ਹਜ਼ਾਰ 500 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਪੀਜੀ ਦੇ ਕੇਅਰ ਟੇਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦੇ ਦੂਜੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਬਲੌਂਗੀ ਥਾਣੇ ਵਿੱਚ ਐੱਸਐੱਚਓ ਇੰਸਪੈਕਟਰ ਰਾਜਪਾਲ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਬਲੌਂਗੀ ਸਥਿਤ ਏਕਤਾ ਕਲੋਨੀ ਸਥਿਤ ਯੈਲੋ ਪੀਜੀ ਵਿੱਚ ਰਹਿੰਦੇ ਨਵਾਬ ਉਰਫ਼ ਫਿਰੋਜ਼ ਵਾਸੀ ਪਿੰਡ ਕੁਮਰਪੁਰ ਨਾਨਕਾਰ (ਮੁਰਾਦਾਬਾਦ) ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ 69 ਹਜ਼ਾਰ 500 ਰੁਪਏ ਜਾਅਲੀ ਭਾਰਤੀ ਕਰੰਸੀ, ਇਕ ਪ੍ਰਿੰਟਰ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਮੁਲਜ਼ਮ ਦਾ ਸਾਥੀ ਬਿਜੇਂਦਰ ਵਾਸੀ ਹਿਸਾਰ (ਹਰਿਆਣਾ) ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜੇਂਦਰ ਪਹਿਲਾਂ ਇਸ ਪੀਜੀ ਵਿੱਚ ਕਿਰਾਏ ’ਤੇ ਰਹਿੰਦਾ ਸੀ ਤੇ ਜਾਅਲੀ ਨੋਟ ਬਣਾਉਣ ਦਾ ਕੰਮ ਜਾਣਦਾ ਸੀ।