ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰਾਂ ਦਾ ਗੋਆ ਸਟੱਡੀ ਟੂਰ ਸਬੰਧੀ ਸ਼ੁਰੂ ਹੋਇਆ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਪਿਛਲੇ ਦਿਨੀਂ ਨਿਗਮ ਦੀ ਹਾਊਸ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਟੂਰ ਦਾ ਵਿਰੋਧ ਕੀਤਾ ਸੀ। ਅੱਜ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਨੇ ਪਾਰਟੀ ਕੌਂਸਲਰਾਂ ਦੀ ਮੀਟਿੰਗ ਸੱਦ ਕੇ ਟੂਰ ਬਾਰੇ ਵਿਚਾਰ-ਚਰਚਾ ਕੀਤੀ ਹੈ। ਕਾਂਗਰਸੀ ਆਗੂਆਂ ਨੇ ਟੂਰ ਦੇ ਫਾਇਦੇ ਤੇ ਨੁਕਸਾਨਾਂ ਅਤੇ ਟੂਰ ਨਾਲ ਨਿਗਮ ’ਤੇ ਪੈਣ ਵਾਲੇ ਵਿੱਤੀ ਬੋਝ ਬਾਰੇ ਗੱਲਬਾਤ ਕੀਤੀ। ਕਾਂਗਰਸ ਪ੍ਰਧਾਨ ਐੱਚ.ਐੱਸ. ਲੱਕੀ ਨੇ ਕਿਹਾ ਕਿ ਉਹ ਸਟੱਡੀ ਟੂਰ ਦੇ ਖ਼ਿਲਾਫ਼ ਨਹੀਂ ਹਨ। ਜੇਕਰ ਕਿਸੇ ਸਟੱਡੀ ਟੂਰ ਰਾਹੀ ਕੌਂਸਲਰ ਨਵਾਂ ਗਿਆਨ ਜਾਂ ਤਕਨੀਕ ਬਾਰੇ ਜਾਣਕਾਰੀ ਹਾਸਲ ਕਰ ਕੇ ਸ਼ਹਿਰ ਦਾ ਵਿਕਾਸ ਕਰਨ ਤਾਂ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਟੱਡੀ ਟੂਰ ਲਈ ਗੋਆ ਸਾਰੇ 35 ਕੌਂਸਲਰਾਂ ਨੂੰ ਲੈ ਕੇ ਜਾਣਾ ਗਲਤ ਹੈ, ਜਿਸ ਨਾਲ ਨਿਗਮ ’ਤੇ ਵਿੱਤੀ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵੱਲੋਂ ਪਹਿਲਾਂ ਵੀ ਕਈ ਵਾਰ ਸਟੱਡੀ ਟੂਰ ਕਰਵਾਏ ਗਏ ਹਨ, ਜਿਸ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਗਈ ਪਰ ਮੌਜੂਦਾ ਸਮੇਂ ਵਿੱਚ ਜਦੋਂ ਨਿਗਮ ਦੀ ਵਿੱਤੀ ਹਾਲਤ ਠੀਕ ਨਹੀਂ ਹੈ ਤਾਂ ਅਜਿਹੇ ਵਿੱਚ 35 ਕੌਂਸਲਰਾਂ ਨੂੰ ਗੋਆ ਲਿਜਾ ਕੇ ਵਾਧੂ ਦਾ ਵਿੱਤੀ ਬੋਝ ਪਾਉਣਾ ਗਲਤ ਹੈ। ਕਾਂਗਰਸੀ ਕੌਂਸਲਰ ਗੁਰਪ੍ਰੀਤ ਗਾਬੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਦੋ ਹੀ ਕੌਂਸਲਰਾਂ ਨੂੰ ਸਟੱਡੀ ਟੂਰ ’ਤੇ ਭੇਜਿਆ ਜਾਵੇਗਾ। ਇਸ ਨਾਲ ਨਗਰ ਨਿਗਮ ’ਤੇ ਵਾਧੂ ਦਾ ਵਿੱਤੀ ਬੋਝ ਵੀ ਨਹੀਂ ਪਵੇਗਾ ਅਤੇ ਦੋ ਕੌਂਸਲਰ ਜਾ ਕੇ ਦੂਜੇ ਸੂਬਿਆਂ ਤੋਂ ਗਿਆਨ ਵੀ ਹਾਸਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕੌਂਸਲਰ ਗੁਰਬਖਸ਼ ਰਾਵਤ ਅਤੇ ਜਸਬੀਰ ਸਿੰਘ ਬੰਟੀ ਨੂੰ ਸਟੱਡੀ ਟੂਰ ’ਤੇ ਭੇਜਿਆ ਜਾਵੇਗਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਹੋਰਨਾਂ ਸਿਆਸੀ ਪਾਰਟੀਆਂ ਦੇ ਵੀ ਦੋ-ਦੋ ਕੌਂਸਲਰਾਂ ਨੂੰ ਹੀ ਸਟੱਡੀ ਟੂਰ ’ਤੇ ਲਿਜਾਣਾ ਚਾਹੀਦਾ ਹੈ।
‘ਮਹਿੰਗਾਈ ’ਤੇ ਹੱਲਾ ਬੋਲ’ ਮਹਾਰੈਲੀ ਵਿੱਚ ਚੰਡੀਗੜ੍ਹ ਤੋਂ ਜਾਣਗੇ 500 ਵਰਕਰ
ਚੰਡੀਗੜ੍ਹ: ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਨੇ ਦੱਸਿਆ ਕਿ 4 ਸਤੰਬਰ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੱਦੇ ’ਤੇ ਿਦੱਲੀ ਦੇ ਰਾਮ ਲੀਲਾ ਮੈਦਾਨ ਵਿੱਚ ‘ਮਹਿੰਗਾਈ ’ਤੇ ਹੱਲਾ ਬੋਲ’ ਮਹਾਰੈਲੀ ਵਿੱਚ ਹਿੱਸਾ ਲੈਣ ਲਈ ਭਲਕੇ ਸਵੇਰੇ ਚੰਡੀਗੜ੍ਹ ਤੋਂ ਬੱਸਾਂ ਤੇ ਕਾਰਾਂ ਦਾ ਵੱਡਾ ਕਾਫਲਾ ਕੂਚ ਕਰੇਗਾ। ਦਿੱਲੀ ਵਿੱਚ ਹੋਣ ਵਾਲੀ ਇਸ ਮਹਾਰੈਲੀ ’ਚ ਚੰਡੀਗੜ੍ਹ ਦੇ 500 ਤੋਂ ਵੱਧ ਪਾਰਟੀ ਆਗੂ ਤੇ ਵਰਕਰ ਸ਼ਾਮਲ ਹੋਣਗੇ।