ਮੁਕੇਸ਼ ਕੁਮਾਰ
ਚੰਡੀਗੜ੍ਹ, 7 ਅਕਤੂਬਰ
ਡੋਰ-ਟੂ-ਡੋਰ ਗਾਰਬੇਜ ਕੁਲੈਕਸ਼ਨ ਕਮੇਟੀ ਚੰਡੀਗੜ੍ਹ ਦੀ ਪ੍ਰਧਾਨਗੀ ਲਈ ਹੋਈ ਚੋਣ ਵਿੱਚ ਮੌਜੂਦਾ ਪ੍ਰਧਾਨ ਧਰਮਵੀਰ ਰਾਣਾ ਅਤੇ ਉਨ੍ਹਾਂ ਦੇ ਵਿਰੋਧੀ ਸੁਰਿੰਦਰ ਕਾਂਗੜਾ ਦਰਮਿਆਨ ਸਖ਼ਤ ਮੁਕਾਬਲਾ ਰਿਹਾ। ਹਾਲਾਂਕਿ ਚੋਣ ਨਤੀਜਿਆਂ ਮਗਰੋਂ ਮਾਹੌਲ ਵਿੱਚ ਤਣਾਅ ਉਦੋਂ ਵੱਧ ਗਿਆ ਜਦੋਂ ਧਰਮਵੀਰ ਰਾਣਾ ਨੇ ਚੋਣ ਕਮੇਟੀ ’ਤੇ 70 ਜਾਅਲੀ ਵੋਟਾਂ ਪਾਉਣ ਦਾ ਦੋਸ਼ ਲਾਉਂਦਿਆਂ ਧਾਂਦਲੀ ਦੀ ਸ਼ਿਕਾਇਤ ਕੀਤੀ। ਚੋਣਾਂ ਵਿੱਚ ਆਪਣੀ ਜਿੱਤ ਦਾ ਦਾਅਵਾ ਕਰਦਿਆਂ ਰਾਣਾ ਨੇ ਕਿਹਾ ਕਿ ਗਾਰਬੇਜ ਕੁਲੈਕਸ਼ਨ ਕਰਮਚਾਰੀਆਂ ਨੇ ਉਨ੍ਹਾਂ ਨੂੰ ਭਰਵਾਂ ਸਮਰਥਨ ਦਿੱਤਾ ਹੈ।
ਚੋਣਾਂ ਤੋਂ ਬਾਅਦ ਜਿਵੇਂ ਹੀ ਧਰਮਵੀਰ ਰਾਣਾ ਬਾਹਰ ਆਏ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਸੈਕਟਰ 25 ਵਿੱਚ ਆਤਿਸ਼ਬਾਜ਼ੀ ਚਲਾ ਕੇ ਜਿੱਤ ਦਾ ਦਾਅਵਾ ਕੀਤਾ। ਸਮਰਥਕਾਂ ਦਾ ਕਹਿਣਾ ਹੈ ਕਿ ਧਰਮਵੀਰ ਰਾਣਾ ਨੇ ਮੁਲਾਜ਼ਮਾਂ ਦੇ ਹਿੱਤ ਵਿੱਚ ਸ਼ਾਨਦਾਰ ਕੰਮ ਕੀਤਾ ਹੈ ਜਿਸ ਕਰਕੇ ਉਨ੍ਹਾਂ ਦੀ ਜਿੱਤ ਯਕੀਨੀ ਹੈ। ਉਨ੍ਹਾਂ ਚੋਣਾਂ ਮੁਲਤਵੀ ਕੀਤੇ ਜਾਣ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਇਸ ਨੂੰ ਰਾਣਾ ਦੀ ਜਿੱਤ ਨੂੰ ਰੋਕਣ ਦੀ ਸਾਜ਼ਿਸ਼ ਕਰਾਰ ਦਿੱਤਾ। ਧਰਮਵੀਰ ਰਾਣਾ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਸੈਕਟਰ-24 ਦੇ ਵਾਲਮੀਕਿ ਮੰਦਰ ਵਿੱਚ ਚੋਣਾਂ ਹੋਈਆਂ ਸਨ, ਜਿੱਥੇ ਪਾਰਦਰਸ਼ਤਾ ਨਾਲ ਨਤੀਜੇ ਐਲਾਨੇ ਗਏ ਸਨ। ਇਸ ਵਾਰ ਚੋਣ ਸਥਾਨ ਨੂੰ ਸੈਕਟਰ-25 ਦੇ ਕਮਿਊਨਿਟੀ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਸਮਰਥਕਾਂ ਨੂੰ ਵੀ ਉੱਥੇ ਜਾਣ ਨਹੀਂ ਦਿੱਤਾ ਗਿਆ ਸੀ।
ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਸ਼ਾਇਦ ਇਹ ਤਬਦੀਲੀ ਧਾਂਦਲੀ ਲਈ ਕੀਤੀ ਗਈ ਹੈ। ਦੂਜੇ ਪਾਸੇ ਮੁੱਖ ਉਮੀਦਵਾਰ ਸੁਰਿੰਦਰ ਕਾਂਗੜਾ ਨੇ ਚੋਣਾਂ ਮੁਲਤਵੀ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਚੋਣ ਕਮੇਟੀ ਦਾ ਫੈਸਲਾ ਸਰਵਉੱਚ ਹੈ। ਉਨ੍ਹਾਂ ਕਿਹਾ ਕਿ ਜੇ ਬੇਨਿਯਮੀਆਂ ਹੋਈਆਂ ਹਨ ਤਾਂ ਦੁਬਾਰਾ ਚੋਣਾਂ ਕਰਵਾਈਆਂ ਜਾਣ। ਦੂਜੇ ਪਾਸੇ ਚੋਣ ਕਮੇਟੀ ਦੇ ਚੇਅਰਮੈਨ ਓਮ ਪ੍ਰਕਾਸ਼ ਸੈਣੀ ਨੇ ਕਰਮਚਾਰੀਆਂ ਦੇ ਸਾਹਮਣੇ ਐਲਾਨ ਕੀਤਾ ਕਿ 70 ਵੋਟਾਂ ਜਾਅਲੀ ਪਾਈਆਂ ਗਈਆਂ ਹਨ ਅਤੇ ਇਸ ਗਲਤੀ ਨੂੰ ਸਵੀਕਾਰ ਕਰਦੇ ਹੋਏ ਇਹ ਚੋਣ ਮੁਲਤਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਚੋਣਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਕੌਂਸਲ ਪ੍ਰਧਾਨ ਤੇ ‘ਆਪ’ ਕੌਂਸਲਰ ਵਿਚਾਲੇ ਤਕਰਾਰ
ਬਨੂੜ (ਕਰਮਜੀਤ ਸਿੰਘ ਚਿੱਲਾ): ਨਗਰ ਕੌਂਸਲ ਦੀ ਬਨੂੜ ਦੀ ਅੱਜ ਬਾਅਦ ਦੁਪਹਿਰ ਹੋਈ ਮੀਟਿੰਗ ਵਿੱਚ ਕਾਂਗਰਸ ਨਾਲ ਸਬੰਧਤ ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰ ਭਜਨ ਲਾਲ ਆਪਸ ਵਿੱਚ ਭਿੜ ਗਏ। ਦੋਵਾਂ ਦਰਮਿਆਨ ਗਾਲੀ-ਗਲੋਚ ਵੀ ਹੋਇਆ। ਮੌਕੇ ’ਤੇ ਮੌਜੂਦ ਕੌਂਸਲਰਾਂ ਨੇ ਵਿਚਾਲੇ ਆ ਕੇ ਦੋਵਾਂ ਨੂੰ ਲੜਨ ਤੋਂ ਰੋਕਿਆ। ਦੋਵਾਂ ਨੇ ਥਾਣਾ ਬਨੂੜ ਵਿੱਚ ਇੱਕ-ਦੂੁਜੇ ਖ਼ਿਲਾਫ਼ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਹਨ। ਕੌਂਸਲ ਪ੍ਰਧਾਨ ਕੰਬੋਜ ਨੇ ਦੱਸਿਆ ਕਿ ਕੌਂਸਲ ਮੀਟਿੰਗ ਵਿੱਚ ਮਤਾ ਨੰਬਰ 15 ਅਤੇ 16 ਨੂੰ ਲੈ ਕੇ ‘ਆਪ’ ਕੌਂਸਲਰ ਭਜਨ ਲਾਲ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਤੇ ਝੂਠਾ ਪਰਚਾ ਦਰਜ ਕਰਾਉਣ ਦੀਆਂ ਧਮਕੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੇ ਰਜਿਸਟਰ ਵਿੱਚ ਬਹੁਸੰਮਤੀ ਨਾਲ ਭਜਨ ਲਾਲ ਖ਼ਿਲਾਫ਼ ਗਾਲੀ ਗਲੋਚ ਕਰਨ ਤੇ ਧਮਕੀਆਂ ਦੇਣ ਦੇ ਵਿਰੋਧ ਵਿੱਚ ਮਤਾ ਵੀ ਪਾਸ ਕੀਤਾ ਗਿਆ ਹੈ। ਇਸ ਮਤੇ ਨੂੰ ਉੱਚ ਅਧਿਕਾਰੀਆਂ ਨੂੰ ਭੇਜ ਕੇ ਉਕਤ ਕੌਂਸਲਰ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਜਾਵੇਗੀ। ਦੂਜੇ ਪਾਸੇ ਭਜਨ ਲਾਲ ਨੇ ਪ੍ਰਧਾਨ ਵੱਲੋਂ ਲਗਾਏ ਦੋਸ਼ਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕੌਂਸਲ ਪ੍ਰਧਾਨ ਹਰ ਮੀਟਿੰਗ ਵਿੱਚ ਹੀ ਜਾਣ-ਬੁੱਝ ਕੇ ਉਨ੍ਹਾਂ ਨੂੰ ਜ਼ਲੀਲ ਕਰਦਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਧੱਕੇ ਨਾਲ ਹਾਊਸ ਵਿੱਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਕੌਂਸਲ ਦੇ ਈਓ ਅਤੇ ਪੁਲੀਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਧਰ, ਥਾਣਾ ਬਨੂੜ ਦੇ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਦੋਵਾਂ ਧਿਰਾਂ ਦੀ ਹਾਲੇ ਤੱਕ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਪੜਤਾਲ ਕੀਤੀ ਜਾਵੇਗੀ।