ਕੁਲਦੀਪ ਸਿੰਘ
ਚੰਡੀਗੜ੍ਹ, 16 ਫ਼ਰਵਰੀ
ਚੰਡੀਗੜ੍ਹ ਨਗਰ ਨਿਗਮ ਅਧੀਨ ਆਉਂਦੇ ਪਿੰਡ ਰਾਏਪੁਰ ਕਲਾਂ ਵਿੱਚ ਸਟੇਟ ਟਰਾਂਸਪੋਰਟ ਅਥਾਰਿਟੀ ਦਫ਼ਤਰ ਦੀ ਇਮਾਰਤ ਬਣਨ ਤੋਂ ਪਹਿਲਾਂ ਹੀ ਵਿਵਾਦ ਛਿੜ ਗਿਆ ਹੈ। ਇਮਾਰਤ ਬਣਾਉਣ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਵੱਲੋਂ ਫਿਰਨੀ ਚੌੜੀ ਕਰਨ ਅਤੇ ਪਾਰਕਿੰਗ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਧਰਨਾ ਦਿੱਤਾ ਗਿਆ।
ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵਾਰ-ਵਾਰ ਮਿਲਣ ਉਪਰੰਤ ਵੀ ਗੱਲ ਸਿਰੇ ਨਾ ਚੜ੍ਹਦੀ ਦੇਖ ਕੇ ਪਿੰਡ ਵਾਸੀਆਂ ਵੱਲੋਂ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਤੇ ਹੋਰ ਸਹਿਯੋਗੀ ਜਥੇਬੰਦੀਆਂ ਦੇ ਸਹਿਯੋਗ ਨਾਲ ਇਮਾਰਤ ਬਣਨ ਵਾਲੀ ਜ਼ਮੀਨ ’ਤੇ ਲਗਾਤਾਰ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਧਰਨਾਕਾਰੀਆਂ ਵੱਲੋਂ ਯੂ.ਟੀ. ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅੱਜ ਆਮ ਆਦਮੀ ਪਾਰਟੀ ਦੇ ਆਗੂ ਪ੍ਰਦੀਪ ਛਾਬੜਾ ਵੱਲੋਂ ਵੀ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਸਮਰਥਨ ਦਿੱਤਾ ਗਿਆ।
ਧਰਨਾ ਦੇ ਰਹੇ ਪਿੰਡ ਵਾਸੀਆਂ ਵਿੱਚ ਸ਼ਾਮਲ ਸ਼ਰਨਜੀਤ ਸਿੰਘ ਰਾਏਪੁਰ ਕਲਾਂ, ਲਾਭ ਸਿੰਘ, ਬਲਬੀਰ ਸਿੰਘ, ਗੁਰਦੀਪ ਸਿੰਘ ਤੇ ਰੁਲਦਾ ਸਿੰਘ ਤੋਂ ਇਲਾਵਾ ਪੇਂਡੂ ਸੰਘਰਸ਼ ਕਮੇਟੀ ਤੋਂ ਬਾਬਾ ਸਾਧੂ ਸਿੰਘ ਸਾਰੰਗਪੁਰ, ਜੋਗਿੰਦਰ ਸਿੰਘ ਬੁੜੈਲ ਆਦਿ ਨੇ ਦੱਸਿਆ ਕਿ ਯੂ.ਟੀ. ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਸ਼ਾਮਲਾਤ ਜ਼ਮੀਨ ’ਤੇ ਐੱਸਟੀਏ ਦਫ਼ਤਰ ਲਈ ਇਮਾਰਤ ਬਣਾਈ ਜਾ ਰਹੀ ਹੈ। ਇਸ ਇਮਾਰਤ ਤੋਂ ਪਹਿਲਾਂ ਪ੍ਰਸ਼ਾਸਨ ਨੇ ਬਰਸਾਤੀ ਪਾਣੀ ਲਈ ਅੰਡਰਗਰਾਊਂਡ ਪਾਈਪ ਵੀ ਪਾ ਦਿੱਤੀ ਹੈ ਜੋ ਬਿਲਕੁਲ ਠੀਕ ਪਾਈ ਗਈ ਹੈ ਪ੍ਰੰਤੂ ਹੁਣ ਪ੍ਰਸ਼ਾਸਨ ਇੱਥੇ ਪਿੰਡ ਦੀ ਫਿਰਨੀ ਸਿਰਫ਼ 22 ਫੁੱਟ ਛੱਡ ਰਿਹਾ ਹੈ ਜਦ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਰਸਤਾ ਘੱਟੋ ਘੱਟ 45 ਫੁੱਟ ਚੌੜਾ ਰੱਖਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇੱਥੇ ਇੱਕ ਪਾਰਕਿੰਗ ਲਈ ਵੀ ਜਗ੍ਹਾ ਛੱਡਣੀ ਚਾਹੀਦੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰਹੇਗਾ।