ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 31 ਜੁਲਾਈ
ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ -ਸੈਕਟਰ-37 ਵਿੱਚ ਪ੍ਰੀ-ਸੁਬਰੋਤੋ ਅੰਡਰ-17 ਫੁਟਬਾਲ ਦਾ ਅੱਜ ਸੈਮੀਫਾਈਨਲ ਖੇਡਿਆ ਗਿਆ ਜੋ ਵਿਵਾਦਾਂ ਦੀ ਭੇਟ ਚੜ੍ਹ ਗਿਆ। ਸੈਮੀਫਾਈਨਲ ਮੈਚ ਦੌਰਾਨ ਕਈ ਵਾਰ ਇਤਰਾਜ਼ ਦਰਜ ਕਰਵਾਏ ਗਏ। ਇਹ ਮੈਚ ਚੰਡੀਗੜ੍ਹ ਯੂਨਾਈਟਿਡ ਫੁਟਬਾਲ ਅਕੈਡਮੀ ਵਲੋਂ ਖੇਡ ਰਹੀ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ ਸੈਕਟਰ-26 ਦੀ ਟੀਮ ਅਤੇ ਚੰਡੀਗੜ੍ਹ ਫੁਟਬਾਲ ਅਕੈਡਮੀ ਵਲੋਂ ਖੇਡ ਰਹੀ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ- 36 ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ।
ਇਸ ਮੈਚ ਵਿੱਚ ਗੁਰੂ ਗੋਬਿੰਦ ਸਿੰਘ ਕਾਲਜੀਏਟ ਟੀਮ ਨੇ ਦੋਸ਼ ਲਾਇਆ ਕਿ ਸਰਕਾਰੀ ਸਕੂਲ ਦੀ ਟੀਮ ਵਿਚ ਸਤਾਰਾਂ ਸਾਲ ਤੋਂ ਉਤੇ ਦੇ ਖਿਡਾਰੀ ਖੇਡ ਰਹੇ ਹਨ ਤੇ ਇਨ੍ਹਾਂ ਵਿਚੋਂ ਕਈ ਖਿਡਾਰੀ ਹੋਰ ਟੂਰਨਾਮੈਂਟ ਵੀ ਨਾਲ ਹੀ ਨਾਲ ਹੀ ਖੇਡ ਰਹੇ ਹਨ ਜਿਸ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਪਬਲਿਕ ਸਕੂਲ ਸੈਕਟਰ-26 ਦੇ ਕੋਚ ਰਣਜੀਤ ਸਿੰਘ ਰਾਣਾ ਨੇ ਸਕੱਤਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਟੀਮ ਦੇ ਇਤਰਾਜ਼ ਜਤਾਉਣ ਦੇ ਬਾਵਜੂਦ ਮੈਚ ਖੇਡਿਆ ਗਿਆ ਜਿਸ ਵਿਚ ਚੰਡੀਗੜ੍ਹ ਫੁਟਬਾਲ ਅਕੈਡਮੀ ਦੀ ਟੀਮ ਨੇ ਚੰਡੀਗੜ੍ਹ ਯੂਨਾਈਟਿਡ ਫੁਟਬਾਲ ਅਕੈਡਮੀ ਨੂੰ ਹਰਾ ਦਿੱਤਾ। ਸੈਕਟਰ-26 ਦੀ ਟੀਮ ਦੇ ਕੋਚ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਇਸ ਸਬੰਧੀ ਚੰਡੀਗੜ੍ਹ ਦੇ ਸਕੂਲਾਂ ਦਾ ਡੀਈਓ ਦਫਤਰ ਅਤੇ ਖੇਡ ਵਿਭਾਗ ਜਾਂਚ ਕਰੇਗਾ। ਡੀਈਓ ਦਫਤਰ ਦੇ ਸਪੋਰਟਸ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਉਨ੍ਹਾਂ ਨੂੰ ਇਸ ਸਬੰਧੀ ਸ਼ਿਕਾਇਤ ਨਹੀਂ ਮਿਲੀ ਪਰ ਸ਼ਿਕਾਇਤ ’ਤੇ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਗਿਆਰ੍ਹਵੀਂ ਜਮਾਤ ਦੀ ਦੂਜੀ ਕਾਊਂਸਲਿੰਗ ਲਈ ਆਏ 4866 ਵਿਦਿਆਰਥੀ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਵਿੱਚ ਦਾਖਲੇ ਲਈ 28 ਜੁਲਾਈ ਤੋਂ ਦੂਜੀ ਕਾਊਂਸਲਿੰਗ ਸ਼ੁਰੂ ਹੋ ਚੁੱਕੀ ਹੈ ਜਿਸ ਲਈ ਅੱਜ ਤਕ 4866 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ ਜਦਕਿ ਸਰਕਾਰੀ ਸਕੂਲਾਂ ਵਿਚ 1711 ਸੀਟਾਂ ਖਾਲੀ ਹਨ। ਇਨ੍ਹਾਂ ਵਿਚ 2461 ਵਿਦਿਆਰਥੀਆਂ ਨੇ ਮਾਈਗਰੇਸ਼ਨ ਲਈ ਅਪਲਾਈ ਕੀਤਾ ਹੈ ਜਦਕਿ 2277 ਵਿਦਿਆਰਥੀਆਂ ਨੂੰ ਪਹਿਲੀ ਕਾਊਂਸਲਿੰਗ ਵਿਚ ਦਾਖਲਾ ਨਹੀਂ ਮਿਲਿਆ ਸੀ। ਵਿਦਿਆਰਥੀ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਲਈ 4 ਅਗਸਤ ਤੱਕ ਅਪਲਾਈ ਕਰ ਸਕਦੇ ਹਨ।