ਆਤਿਸ਼ ਗੁਪਤ
ਚੰਡੀਗੜ੍ਹ, 20 ਮਾਰਚ
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਰੋਨਾਵਾਇਰਸ ਦੀ ਰੋਕਥਾਮ ਲਈ ਸ਼ਹਿਰ ਵਿੱਚ 49 ਥਾਵਾਂ ’ਤੇ ਕਰੋਨਾ ਰੋਕੂ ਟੀਕਾ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਡੱਡੂਮਾਜਰਾ ਸਰਕਾਰੀ ਡਿਸਪੈਂਸਰੀ ਦੇ ਬਾਹਰ ਭਾਜਪਾ ਦੇ ਝੰਡੇ ਲਗਾਉਣ ’ਤੇ ਸਿਆਸੀ ਵਿਵਾਦ ਸ਼ੁਰੂ ਹੋ ਗਿਆ ਹੈ। ਕਾਂਗਰਸੀ ਆਗੂ, ਡਿਸਪੈਂਸਰੀ ਦੇ ਬਾਹਰ ਝੰਡੇ ਲਗਾਉਣ ਨੂੰ ਕਾਨੂੰਨ ਵਿਰੋਧੀ ਦੱਸ ਰਹੇ ਹਨ ਜਦਕਿ ਭਾਜਪਾ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਡਿਸਪੈਂਸਰੀ ਦੇ ਬਾਹਰ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ।
ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਹਰਮੇਲ ਕੇਸਰੀ ਨੇ ਕਿਹਾ ਕਿ ਭਾਜਪਾ ਵੱਲੋਂ ਪ੍ਰਸ਼ਾਸਨ ਦੇ ਕੰਮ ਦੀ ਆੜ ਵਿੱਚ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਭਾਜਪਾ ਨੇ ਕਰੋਨਾ ਰੋਕੂ ਟੀਕਾ ਲਗਾਉਣ ਲਈ ਆਗੂਆਂ ਨੂੰ ਘਰ-ਘਰ ਭੇਜਿਆ ਸੀ ਪਰ ਲੋਕਾਂ ਨੇ ਨਕਾਰ ਦਿੱਤਾ ਸੀ। ਇਸ ਤੋਂ ਬਾਅਦ ਹੁਣ ਭਾਜਪਾ ਸਰਕਾਰੀ ਡਿਸਪੈਂਸਰੀ ਦੇ ਬਾਹਰ ਆਪਣੇ ਝੰਡੇ ਲਗਾ ਕੇ ਪ੍ਰਚਾਰ ਕਰ ਰਹੀ ਹੈ। ਸ੍ਰੀ ਕੇਸਰੀ ਨੇ ਕਿਹਾ ਕਿ ਜੇਕਰ ਰਾਤ ਨੂੰ ਇਹ ਝੰਡੇ ਨਾ ਉਤਾਰ ਗਏ ਤਾਂ ਕਾਂਗਰਸ ਇਸ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰੇਗੀ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਦੱਸਿਆ ਕਿ ਭਾਜਪਾ ਵੱਲੋਂ ਲੋਕਾਂ ਨੂੰ ਕਰੋਨਾ ਰੋਕੂ ਟੀਕਾ ਲਗਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਜਿਸ ਲਈ ਉਹ ਘਰ-ਘਰ ਪ੍ਰਚਾਰ ਕਰ ਰਹੇ ਹਨ ਅਤੇ ਟੀਕਾ ਕੇਂਦਰ ਦੇ ਬਾਹਰ ਹੈਲਪ ਡੈਸਕ ਲਗਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਭਾਜਪਾ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਇਹ ਝੰਡਾ ਡਿਸਪੈਂਸਰੀ ਦੀ ਦੀਵਾਰ ’ਤੇ ਨਹੀਂ ਸਗੋਂ ਬਾਹਰ ਹੈਲਪ ਡੈਸਕ ਲਈ ਲਗਾਇਆ ਹੈੀਹਹ ਗਿਆ ਹੈ।