ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 16 ਅਕਤੂਬਰ
ਇੱਥੋਂ ਦੇ ਫੇਜ਼-9 ਦੇ ਰਿਹਾਇਸ਼ੀ ਖੇਤਰ ਨੇੜੇ ਮੁਸਲਿਮ ਕਬਰਿਸਤਾਨ ਕੁੰਭੜਾ ਦੀ ਜ਼ਮੀਨ ਦੀ ਚਾਰਦੀਵਾਰੀ ਕਰਨ ਆਏ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਮੈਂਬਰ ਅਤੇ ਵਕਫ਼ ਬੋਰਡ ਦੇ ਨੁਮਾਇੰਦੇ ਅਤੇ ਸਾਬਕਾ ਕੌਂਸਲਰ ਸ੍ਰੀਮਤੀ ਪ੍ਰਕਾਸ਼ਵਤੀ ਅਤੇ ਭਾਜਪਾ ਆਗੂ ਰਮੇਸ਼ ਵਰਮਾ ਦੀ ਅਗਵਾਈ ਹੇਠ ਸਥਾਨਕ ਲੋਕ ਆਹਮੋ-ਸਾਹਮਣੇ ਆ ਗਏ ਜਿਸ ਕਾਰਨ ਸਥਿਤੀ ਤਣਾਅ ਪੂਰਨ ਹੋ ਗਈ। ਮੌਕੇ ’ਤੇ ਪਹੁੰਚੇ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਮੁਲਾਜ਼ਮਾਂ ਨੇ ਬੜੀ ਮੁਸ਼ਕਲ ਨਾਲ ਸਥਿਤੀ ਨੂੰ ਸੰਭਾਲਿਆ। ਫਿਲਹਾਲ ਪੁਲੀਸ ਨੇ ਉਸਾਰੀ ਦਾ ਕੰਮ ਰੁਕਵਾ ਦਿੱਤਾ ਅਤੇ ਵਿਰੋਧ ਕਰਨ ਵਾਲੇ ਲੋਕਾਂ ਨੂੰ ਇੱਕ ਹਫ਼ਤੇ ਦੀ ਮੋਹਲਤ ਦਿੰਦਿਆਂ ਕਿਹਾ ਕਿ ਉਹ ਅਦਾਲਤ ਤੋਂ ਸਟੇਅ ਲਿਆਉਣ ਨਹੀਂ ਤਾਂ ਕਬਰਿਸਤਾਨ ਦੀ ਚਾਰਦੀਵਾਰੀ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਮੁਸਲਿਮ ਵੈਲਫੇਅਰ ਕਮੇਟੀ ਕੁੰਭੜਾ ਦੇ ਮੈਂਬਰ ਅਤੇ ਹੋਰ ਵਸਨੀਕਾਂ ਵੱਲੋਂ ਅੱਜ ਸਵੇਰੇ ਜੇਸੀਬੀ ਮਸ਼ੀਨਾਂ ਨਾਲ ਕਬਰਿਸਤਾਨ ਦੀ ਸਫਾਈ ਕਰਕੇ ਉੱਥੇ ਚਾਰਦੀਵਾਰੀ ਕਰਨੀ ਸ਼ੁਰੂ ਕੀਤੀ ਗਈ। ਇਸ ਸੂਚਨਾ ਮਿਲਦੇ ਹੀ ਸਾਬਕਾ ਕੌਂਸਲਰ ਤੇ ਹੋਰ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਚਾਰਦੀਵਾਰੀ ਕਰਨ ਦਾ ਵਿਰੋਧ ਕੀਤਾ। ਸੂਚਨਾ ਮਿਲਦੇ ਹੀ ਨਾਇਬ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ, ਡੀਐਸਪੀ (ਸਿਟੀ-2) ਦੀਪ ਕਮਲ ਅਤੇ ਸੈਂਟਰਲ ਥਾਣਾ ਫੇਜ਼-8 ਦੇ ਐਸਐਚਓ ਰਜਨੀਸ਼ ਚੌਧਰੀ ਤੁਰੰਤ ਪੁਲੀਸ ਫੋਰਸ ਲੈ ਕੇ ਮੌਕੇ ’ਤੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਨੂੰ ਗੱਲਬਾਤ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਦੋਵੇਂ ਧਿਰਾਂ ਆਪਣੀ ਜ਼ਿੱਦ ’ਤੇ ਅੜੀਆਂ ਰਹੀਆਂ। ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਥਾਂ ਵਕਫ਼ ਬੋਰਡ ਦੀ ਮਲਕੀਅਤ ਹੈ ਅਤੇ ਉਨ੍ਹਾਂ ਨੂੰ ਚਾਰਦੀਵਾਰੀ ਦਾ ਪੂਰਾ ਅਧਿਕਾਰ ਹੈ। ਜਦੋਂ ਕਿ ਦੂਜੀ ਧਿਰ ਦਾ ਕਹਿਣਾ ਸੀ ਕਿ ਉਹ ਆਪਣੇ ਘਰਾਂ ਨੇੜੇ ਮੁਰਦੇ ਦਫ਼ਨਾਉਣ ਨਹੀਂ ਦੇਣਗੇ। ਇਸ ਮੌਕੇ ਸਰਕਾਰੀ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੀ ਹਾਜ਼ਰ ਸਨ।