ਕਰਮਜੀਤ ਸਿੰਘ ਚਿੱਲਾ
ਬਨੂੜ, 1 ਅਪਰੈਲ
ਇੱਥੋਂ ਤੇਪਲਾ ਨੂੰ ਜਾਂਦੇ ਮਾਰਗ ’ਤੇ ਪੈਂਦੇ ਪਿੰਡ ਬਾਸਮਾਂ ਦੀ ਫਰੂਡਨਬਰਗ ਨੋਕ ਪ੍ਰਾਈਵੇਟ ਲਿਮਿਟਡ ਕੰਪਨੀ ਦੇ ਗੇਟ ਉੱਤੇ ਪਿਛਲੇ 34 ਦਿਨਾਂ ਤੋਂ ਰੁਜ਼ਗਾਰ ਬਚਾਓ ਦੇ ਬੈਨਰ ਹੇਠ ਚੱਲ ਰਹੇ ਦਿਨ-ਰਾਤ ਦੇ ਧਰਨੇ ਵਿੱਚ ਅੱਜ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਪੰਚਾਇਤਾਂ ਤੇ ਸਮਾਜ ਸੇਵੀ ਜਥੇਬੰਦੀਆਂ ਨੇ ਸ਼ਿਰਕਤ ਕੀਤੀ। ਹਾਜ਼ਰੀਨ ਨੇ ਹੱਥ ਖੜ੍ਹੇ ਕਰ ਕੇ ਐਲਾਨ ਕੀਤਾ ਕਿ 6 ਅਪਰੈਲ ਨੂੰ ਕਿਰਤ ਵਿਭਾਗ ਮੁਹਾਲੀ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਤੇ ਉਸੇ ਦਿਨ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਲਈ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਘ, ਐਡਵੋਕੇਟ ਜਸਪਾਲ ਸਿੰਘ ਦੱਪਰ, ਕਬੱਡੀ ਖਿਡਾਰੀ ਵਿੱਕੀ ਘਨੌਰ, ਅਕਾਲ ਯੂਥ ਫੈਡਰੇਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ, ਕਾਮਰੇਡ ਅਮਰਜੀਤ ਸਿੰਘ ਘਨੌਰ, ਬਲਵਿੰਦਰ ਸਿੰਘ ਜੜੌਤ, ਹਰਿੰਦਰ ਸਿੰਘ ਲੱਖਾ, ਵਿਨੋਦ ਕੁਮਾਰ, ਰਘਬੀਰ ਸਿੰਘ, ਰਾਕੇਸ਼ ਕੁਮਾਰ ਤੇ ਤਰਲੋਚਨ ਸਿੰਘ ਨੇ ਦੋਸ਼ ਲਾਇਆ ਕਿ ਫੈਕਟਰੀ ਵਿੱਚ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਦੇ 104 ਕਾਮਿਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਹੋਇਆ ਹੈ ਅਤੇ 700 ਕਿਰਤੀਆਂ ਦਾ ਦਾਖ਼ਲਾ ਬੰਦ ਕੀਤਾ ਹੋਇਆ ਹੈ।
ਧਰਨਾਕਾਰੀਆਂ ਨੇ ਆਖਿਆ ਕਿ ਕਿਰਤ ਵਿਭਾਗ ਵੱਲੋਂ ਮੁਲਾਜ਼ਮਾਂ ਦੀ ਯੂਨੀਅਨ ਵੀ ਰਜਿਸਟਰਡ ਨਹੀਂ ਕੀਤੀ ਜਾ ਰਹੀ ਹੈ ਪਰ ਇਲਾਕਾ ਵਾਸੀ ਕਿਸੇ ਵੀ ਕੀਮਤ ਉੱਤੇ ਫੈਕਟਰੀ ਕਾਮਿਆਂ ਦਾ ਰੁਜ਼ਗਾਰ ਨਹੀਂ ਖੋਹਣ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਰੇ ਕਾਮੇ ਬਹਾਲ ਨਹੀਂ ਹੁੰਦੇ, ਧਰਨਾ ਜਾਰੀ ਰਹੇਗਾ।