ਸੰਜੀਵ ਬੱਬੀ
ਚਮਕੌਰ ਸਾਹਿਬ, 16 ਸਤੰਬਰ
ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਨੇ ਬਲਵਿੰਦਰ ਸਿੰਘ, ਜਰਨੈਲ ਸਿੰਘ ਅਤੇ ਗੁਲਾਬ ਚੰਦ ਦੀ ਅਗਵਾਈ ਹੇਠ ਆਰਜ਼ੀ ਲੇਬਰ ਚੌਕ ’ਚ ਇਲਾਕਾ ਪੱਧਰੀ ਮਿਸਤਰੀ ਮਜ਼ਦੂਰ ਕਨਵੈਨਸ਼ਨ ਕੀਤੀ ਹੈ। ਯੂਨੀਅਨ ਦੇ ਸਲਾਹਕਾਰ ਮਲਾਗਰ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ ਅਤੇ ਮੋਹਣ ਸਿੰਘ ਕਾਲਾ ਨੇ ਕਿਹਾ ਕਿ ਕਰੋਨਾ ਦੌਰਾਨ ਕੇਂਦਰ ਸਰਕਾਰ ਵੱਲੋਂ ਸਰਮਾਏਦਾਰਾਂ ਦੇ ਹਿੱਤਾਂ ਲਈ ਮਜ਼ਦੂਰਾਂ ਦੀਆਂ ਕੁਰਬਾਨੀਆਂ ਸਦਕਾ ਬਣਾਏ ਕਿਰਤ ਕਾਨੂੰਨਾਂ ਨੂੰ ਚਾਰ ਕੋਡਾਂ ਵਿੱਚ ਤਬਦੀਲ ਕਰਕੇ ਸਰਮਾਏਦਾਰਾਂ ਨੂੰ ਮਜ਼ਦੂਰਾਂ ਦੀ ਹੋਰ ਲੁੱਟ ਕਰਨ ਲਈ ਕਾਨੂੰਨੀ ਅਧਿਕਾਰ ਦੇ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਦੀ ਭਲਾਈ ਲਈ ਐਲਾਨੀਆਂ ਸਕੀਮਾਂ ਸਬੰਧੀ ਲੇਬਰ ਵੈੱਲਫੇਅਰ ਬੋਰਡ ਵੱਲੋਂ ਵੀ ਫੰਡ ਜਾਰੀ ਨਹੀ ਕੀਤੇ ਜਾ ਰਹੇ। ਆਗੂਆਂ ਨੇ ਦੱਸਿਆ ਕਿ ਹੱਕੀ ਮੰਗਾਂ ਸਬੰਧੀ ਇੰਡੀਆ ਟਰੇਡ ਯੂਨੀਅਨ ਵੱਲੋਂ 20 ਸਤੰਬਰ ਨੂੰ ਕਿਰਤ ਕਮਿਸ਼ਨ ਦੇ ਦਫਤਰ ਮੁਹਾਲੀ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਜਾ ਰਿਹਾ ਹੈ।