ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੁਲਾਈ
ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ ਪ੍ਰਦੂਸ਼ਣ ਮੁਕਤ ਬਨਾਉਣ ਲਈ ਇਲੈਕਟ੍ਰਿਕ ਵਾਹਨਾਂ ਦੀ ਵਧ ਵਰਤੋਂ ਲਈ ਲੋਕਾਂ ਨੂੰ ਪ੍ਰੋਰਿਆ ਜਾ ਰਿਹਾ ਹੈ। ਪਰ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਲੋਕਾਂ ਦਾ ਝੁਕਾਅ ਇਲੈਕਟ੍ਰਿਕ ਵਾਹਨਾਂ ਵੱਲ ਘੱਟ ਹੈ। ਜਿੱਥੇ ਲੋਕ ਅੱਜ ਵੀ ਪੈਟਰੋਲ, ਡੀਜ਼ਲ ਜਾਂ ਸੀਐੱਨਜੀ ਦੀਆਂ ਗੱਡੀਆਂ ਨੂੰ ਵੱਧ ਚਲਾਉਣਾ ਪਸੰਦ ਕਰ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ 48 ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਸ ਦੇ ਬਾਵਜੂਦ ਲੋਕ ਇਲੈਕਟ੍ਰਿਕ ਵਾਹਨਾਂ ਨੂੰ ਖਰੀਦਣ ਤੋਂ ਗੁਰੇਜ ਕਰ ਰਹੇ ਹਨ।
ਯੂਟੀ ਪ੍ਰਸ਼ਾਸਨ ਅਨੁਸਾਰ ਚੰਡੀਗੜ੍ਹ ’ਚ ਸਾਲ 2018 ਤੋਂ ਹੁਣ ਤੱਕ ਸਿਰਫ਼ 164 ਵਾਹਨ ਇਲੈਕਟ੍ਰਿਕ ਵਾਹਨ ਰਜਿਸਟਰ ਹੋਏ ਹਨ। ਦੋ ਪਹੀਆ ਵਾਹਨਾਂ ਦੀ ਗਿਣਤੀ 76, ਮੋਪਡ 15 ਤੇ 83 ਚਾਰ ਪਹੀਆਂ ਵਾਹਨ ਰਜਿਸਟਰ ਹੋਏ ਹਨ। ਜਿਸ ਵਿੱਚ ਸਾਲ 2018 ’ਚ ਦੋ ਪਹੀਆਂ ਵਾਹਨ 28, ਮੋਪਡ 12 ਤੇ ਚਾਰ ਪਹੀਆਂ ਵਾਹਨ 3 ਰਜਿਸਟਰ ਹੋਏ ਸਨ। 2019 ’ਚ ਦੋ ਪਹੀਆਂ 18, ਮੋਪਡ 2 ਅਤੇ ਚਾਰ ਪਹੀਆਂ 7, ਸਾਲ 2020 ’ਚ ਦੋ ਪਹੀਆ 12 ਤੇ ਚਾਰ ਪਹੀਆਂ ਵਾਹਨ 36 ਰਜਿਸਟਰ ਹੋਏ। ਇਸੇ ਤਰ੍ਹਾਂ ਸਾਲ 2021 ਵਿੱਚ ਹੁਣ ਤੱਕ ਦੋ ਪਹੀਆਂ ਵਾਹਨ 8, ਮੋਪਡ 1 ਤੇ ਚਾਰ ਪਹੀਆਂ ਵਾਹਨ 37 ਰਜਿਸਟਰ ਹੋਏ ਹਨ। ਸੀਟੀਯੂ ਵੱਲੋਂ 40 ਨਵੀਂ ਇਲੈਕਟ੍ਰਿਕ ਬੱਸਾਂ ਦੀ ਖਰੀਦ ਕੀਤੀ ਜਾ ਰਹੀ ਹੈ। ਸੰਸਦ ਵਿੱਚ ਵੀ ਇਲੈਕਟ੍ਰਿਕ ਵਾਹਨਾਂ ਦੀ ਵੱਧ ਵਰਤੋਂ ਲਈ ਅਪੀਲ ਕੀਤੀ ਗਈ। ਜਿਸ ਲਈ ਸਾਰੇ ਸੂਬਿਆਂ ਨੇ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਵੀ ਜੱਗ ਜਾਹਿਰ ਕੀਤੀ। ਰੁਝਾਨ ਘੱਟ ਹੋਣ ਦਾ ਮੁੱਖ ਕਾਰਨ ਇਹ ਵਾਹਨ ਮਹਿੰਗੇ ਹੋਣਾ ਹੈ।