ਕਰਮਜੀਤ ਸਿੰਘ ਚਿੱਲਾ
ਬਨੂੜ, 30 ਅਕਤੂਬਰ
ਖੇਤੀਬਾੜੀ ਸਹਿਕਾਰੀ ਸਭਾ ਗੀਗੇਮਾਜਰਾ ਕੋਲੋਂ ਕਿਸਾਨ ਨੇ ਕਣਕ ਦੀ ਬਿਜਾਈ ਲਈ ਲਿਆ ਨਵਾਂ ਸੁਪਰ ਸੀਡਰ ਮਹਿਜ਼ ਦੋ ਹਲਾਈਆਂ ਮਗਰੋਂ ਹੀ ਕੰਮ ਕਰਨ ਤੋਂ ਹਟ ਗਿਆ। ਇਸ ਦੀਆਂ ਪੱਤੀਆਂ ਵਿੰਗੀਆਂ ਹੋ ਗਈਆਂ ਤੇ ਹੋਰ ਸਿਸਟਮ ਵੀ ਕੰਮ ਛੱਡ ਗਿਆ। ਅਜਿਹਾ ਹੀ ਮਾਮਲਾ ਖਰੜ ਨੇੜਲੇ ਪਿੰਡ ਘੜੂਆਂ ਦੀ ਖੇਤੀਬਾੜੀ ਸਹਿਕਾਰੀ ਸਭਾ ਨੂੰ ਹਾਸਲ ਹੋਏ ਸੁਪਰ ਸੀਡਰ ਦਾ ਵੀ ਦੱਸਿਆ ਜਾ ਰਿਹਾ ਹੈ।
ਗੀਗੇਮਾਜਰਾ ਦੇ ਕਿਸਾਨ ਬਲਜਿੰਦਰ ਸਿੰਘ, ਬਿਕਰਮਜੀਤ ਸਿੰਘ ਅਤੇ ਪਿੰਡ ਵਾਸੀ ਮੱਖਣ ਸਿੰਘ ਫੌਜੀ ਨੇ ਦੱਸਿਆ ਕਿ ਹਾਲੇ ਖੇਤ ਵਿੱਚ ਮੁਸ਼ਕਲ ਨਾਲ ਦੋ ਹਲਾਈਆਂ ਹੀ ਕੱਢੀਆਂ ਸਨ ਕਿ ਇਹ ਕੰਮ ਕਰਨੋਂ ਹਟ ਗਿਆ। ਕਿਸਾਨਾਂ ਨੇ ਦੱਸਿਆ ਕਿ ਇਸ ਵਿੱਚ ਲੱਗਿਆ ਹੋਇਆ ਮਟੀਰੀਅਲ ਗੈਰ-ਮਿਆਰੀ ਅਤੇ ਬਹੁਤ ਹਲਕਾ ਹੈ। ਮੁਹਾਲੀ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਨੇ ਸੰਪਰਕ ਕਰਨ ’ਤੇ ਦੋ ਥਾਵਾਂ ਤੋਂ ਸੁਪਰ ਸੀਡਰਾਂ ਵਿੱਚ ਨੁਕਸ ਪੈਣ ਦੀਆਂ ਸ਼ਿਕਾਇਤਾਂ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਕਸ ਹੈਲਥਕੇਅਰ ਵੱਲੋਂ ਇਹ ਸੁਪਰ ਸੀਡਰ ਡੇਰਾਬੱਸੀ ਦੀ ਸਟੀਲ ਬੁਆਏ ਨਾਮੀਂ ਫ਼ਰਮ ਖਰੀਦੇ ਗਏ ਹਨ, ਜਿਨ੍ਹਾਂ ਨੂੰ ਨੁਕਸਾਂ ਤੋਂ ਜਾਣੂ ਕਰਾ ਦਿੱਤਾ ਗਿਆ ਹੈ ਤੇ ਜਲਦੀ ਹੀ ਠੀਕ ਹੋ ਜਾਣਗੇ।