ਕੁਲਦੀਪ ਸਿੰਘ
ਚੰਡੀਗੜ੍ਹ, 26 ਜੁਲਾਈ
ਸੋਹਣੇ ਸ਼ਹਿਰ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਅਤੇ ਪਿੰਡਾਂ ਵਿੱਚੋਂ ਕਰੋਨਾਵਾਇਰਸ ਦੇ 35 ਹੋਰ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਪੀੜਤਾਂ ਦਾ ਕੁੱਲ ਅੰਕੜਾ 887 ਹੋ ਗਿਆ ਹੈ। ਯੂਟੀ ਦੇ ਸਿਹਤ ਵਿਭਾਗ ਮੁਤਾਬਕ ਸੈਕਟਰ-15 ਵਾਸੀ ਸਣੇ ਸੈਕਟਰ-19 ਤੋਂ ਦੋ ਕੇਸ, ਸੈਕਟਰ 21 ਤੋਂ ਤਿੰਨ, ਸੈਕਟਰ-23 ਤੋਂ ਇਕ, ਸੈਕਟਰ 24, 30, 32, 35, 42, 48 ਤੇ ਪਿੰਡ ਮਲੋਆ ਵਿੱਚੋਂ ਇਕ-ਇਕ ਕੇਸ, ਸੈਕਟਰ 37 ਵਿੱਚੋਂ ਦੋ, ਸੈਕਟਰ 40, 41 ਤੇ 47 ਵਿੱਚੋਂ ਤਿੰਨ-ਤਿੰਨ ਕੇਸ, ਪਿੰਡ ਧਨਾਸ, ਮਨੀਮਾਜਰਾ ਤੇ ਮੌਲੀ ਜੱਗਰਾਂ ਵਿੱਚੋਂ ਦੋ-ਦੋ ਕੇਸ, ਪੀ.ਜੀ.ਆਈ. ਕੈਂਪਸ ਵਿੱਚੋਂ ਇੱਕ, ਪਿੰਡ ਰਾਏਪੁਰ ਖੁਰਦ ਤੋਂ ਇਕ ਅਤੇ ਰਾਮ ਦਰਬਾਰ ਤੋਂ ਦੋ ਕੇਸ ਸਾਹਮਣੇ ਆਏ ਹਨ। ਇਸੇ ਦੌਰਾਨ ਸ਼ਹਿਰ ਦੇ ਧਨਵੰਤਰੀ ਆਯੁਰਵੈਦਿਕ ਕਾਲਜ ਤੇ ਹਸਪਤਾਲ ਅਤੇ ਸੂਦ ਧਰਮਸ਼ਾਲਾ ਵਿੱਚੋਂ 17 ਮਰੀਜ਼ ਡਿਸਚਾਰਜ ਕੀਤੇ ਗਏ ਹਨ। ਇਹ ਵਿਅਕਤੀ ਸੈਕਟਰ 29, 45, 46, 48, ਰਾਏਪੁਰ ਖੁਰਦ, ਮਨੀਮਾਜਰਾ, ਬਾਪੂਧਾਮ ਕਲੋਨੀ, ਬੁੜੈਲ ਅਤੇ ਮਨੀਮਾਜਰਾ ਦੇ ਵਸਨੀਕ ਹਨ। ਇਸ ਤਰ੍ਹਾਂ ਹੁਣ ਤੱਕ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ 572 ਹੋ ਗਈ ਹੈ ਅਤੇ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 302 ਹੈ।
ਮੁਹਾਲੀ ਜ਼ਿਲ੍ਹੇ ਵਿੱਚ 25 ਨਵੇਂ ਮਰੀਜ਼
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਦੇ 25 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 715 ’ਤੇ ਪਹੁੰਚ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-76, ਫੇਜ਼-1, ਫੇਜ਼-11 ਤੇ ਸੈਕਟਰ-66 ਵਿੰਚੋਂ ਕੁੱਲ ਚਾਰ ਔਰਤਾਂ, ਸੈਕਟਰ-99 ਦਾ ਨੌਜਵਾਨ, ਫੇਜ਼-3ਬੀ2 ਦੀ ਬਿਰਧ ਔਰਤ ਦੀ ਔਰਤ, ਪਿੰਡ ਚਾਓਮਾਜਰਾ ਦਾ ਪੁਰਸ਼, ਏਕੇਐਸ ਕਲੋਨੀ ਦੀ ਔਰਤ, ਈਕੋਸਿਟੀ ਨਿਊ ਚੰਡੀਗੜ੍ਹ ਦੀਆਂ ਦੋ ਔਰਤਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇੰਜ ਹੀ ਖਰੜ ਦੇ ਦੋ ਨੌਜਵਾਨ, ਓਮੇਗਾ ਸਿਟੀ ਵਾਸੀ ਪੁਰਸ਼, ਅਮਨ ਸਿਟੀ ਦਾ ਵਸਨੀਕ, ਸੰਨੀ ਇਨਕਲੇਵ ਵਾਸੀ, ਜ਼ੀਰਕਪੁਰ ਦੇ ਦੋ ਪੁਰਸ਼ ਅਤੇ ਚਾਰ ਲੜਕੀਆਂ, ਡੇਰਾਬੱਸੀ ਵਿੱਚ 60 ਸਾਲਾਂ ਦੇ ਬਜ਼ੁਰਗ ਸਮੇਤ ਤਿੰਨ ਔਰਤਾਂ ਵੀ ਕਰੋਨਾ ਮਹਾਮਾਰੀ ਤੋਂ ਪੀੜਤ ਪਾਈਆਂ ਗਈਆਂ ਹਨ।
ਗਿਆਨ ਸਾਗਰ ਹਸਪਤਾਲ ਪੁਲੀਸ ਛਾਉਣੀ ਵਿੱਚ ਤਬਦੀਲ
ਬਨੂੜ (ਕਰਮਜੀਤ ਸਿੰਘ ਚਿੱਲਾ): ਸ਼ਿਵ ਸੈਨਾ (ਟਕਸਾਲੀ) ਦੇ ਆਗੂ ਸੁਧੀਰ ਸੋਨੀ ਦੇ ਰੂਪਨਗਰ ਜੇਲ੍ਹ ਵਿੱਚ ਕਰੋਨਾ ਪੀੜਤ ਪਾਏ ਜਾਣ ਮਗਰੋਂ ਇਲਾਜ ਲਈ ਗਿਆਨ ਸਾਗਰ ਹਸਪਤਾਲ ਲਿਆਉਣ ਤੋਂ ਬਾਅਦ ਸਮੁੱਚਾ ਹਸਪਤਾਲ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ। ਹਸਪਤਾਲ ਦੇ ਬਾਹਰ ਸੜਕ ਉੱਤੇ, ਮੁੱਖ ਗੇਟ ਕੋਲ, ਐਮਰਜੈਂਸੀ ਗੇਟ ਕੋਲ ਚੱਪੇ-ਚੱਪੇ ਉੱਤੇ ਪੁਲੀਸ ਦਾ ਪਹਿਰਾ ਲੱਗਿਆ ਹੋਇਆ ਹੈ।
ਚਾਊਮਾਜਰਾ ਵਾਸੀ ਕਰੋਨਾ ਪੀੜਤ: ਪਿੰਡ ਚਾਉਮਾਜਰਾ ਦੇ 43 ਸਾਲਾਂ ਦੇ ਭੂਪਿੰਦਰ ਸਿੰਘ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਐੱਸਐਮਓ ਡਾ. ਕੁਲਜੀਤ ਕੌਰ ਦੇ ਨਿਰਦੇਸ਼ਾਂ ਤਹਿਤ ਉਸ ਨੂੰ ਘਰ ਵਿੱਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਸ ਦੇ ਦੋ ਬੱਚਿਆਂ ਅਤੇ ਪਤਨੀ ਨੂੰ ਵੀ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਪੰਚਕੂਲਾ ਵਿੱਚ ਦੋ ਬਜ਼ੁਰਗਾਂ ਦੀ ਮੌਤ
ਪੰਚਕੂਲਾ (ਪੀ. ਪੀ. ਵਰਮਾ): ਪੰਚਕੂਲਾ ਵਿੱਚ ਕਰੋਨਾਵਾਇਰਸ ਕਾਰਨ ਦੋ ਬਜ਼ੁਰਗਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਇਕ ਪੁਰਸ਼ ਅਤੇ ਇਕ ਮਹਿਲਾ ਸ਼ਾਮਲ ਹਨ। ਇਹ ਦੋਵੇਂ ਪੰਚਕੂਲਾ ਦੇ ਸੈਕਟਰ-26 ਅਤੇ ਸੈਕਟਰ-21 ਦੇ ਪ੍ਰਾਇਵੇਟ ਹਸਪਤਾਲਾਂ ਵਿੱਚ ਦਾਖਲ ਸਨ। ਇਸੇ ਦੌਰਾਨ ਪੰਚਕੂਲਾ ਵਿੱਚ ਅੱਜ ਕਰੋਨਾਵਾਇਰਸ ਦੇ 19 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਹ ਸਾਰੇ ਮਰੀਜ਼ ਪੰਚਕੂਲਾ ਦੇ ਵੱਖ ਵੱਖ ਸੈਕਟਰਾਂ ਨਾਲ ਸਬੰਧਤ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇਕ ਮਰੀਜ਼ ਬਲਟਾਨਾ ਦਾ ਵਸਨੀਕ ਹੈ। ਇਨ੍ਹਾਂ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਹੇਸ਼ਪੁਰ, ਸਕੇਤੜੀ, ਪਿੰਜੌਰ, ਸੈਕਟਰ-10, 19, 20, 7, ਇੰਡਸਟਰੀਅਲ ਏਰੀਏ ਦਾ ਆਸ਼ੀਆਨਾ ਇਲਾਕਿਆਂ ਨੂੰ ਕੰਟੋਨਮੈਂਟ ਏਰੀਆ ਐਲਾਨਿਆ ਗਿਆ ਹੈ। ਇਨ੍ਹਾਂ ਇਲਾਕਿਆਂ ਦਾ ਓਵਰਆਲ ਇੰਚਾਰਜ ਐੱਸਡੀਐਮ (ਕਾਲਕਾ) ਰਾਕੇਸ਼ ਸੰਧੂ ਅਤੇ ਹੂਡਾ ਦੀ ਅਸਟੇਟ ਅਫ਼ਸਰ ਮਮਤਾ ਸ਼ਰਮਾ ਨੂੰ ਥਾਪਿਆ ਗਿਆ ਹੈ।