ਪੱਤਰ ਪ੍ਰੇਰਕ
ਚੰਡੀਗੜ੍ਹ, 20 ਮਈ
ਸ਼ਹਿਰ ਵਿੱਚ ਅੱਜ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਵਿਖੇ ਤਾਇਨਾਤ ਲਿਫ਼ਟ ਅਪ੍ਰੇਟਰ ਸਮੇਤ 11 ਮਰੀਜ਼ਾਂ ਦੀ ਮੌਤ ਹੋ ਗਈ ਜਦਕਿ 404 ਹੋਰ ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ ਅਤੇ 891 ਮਰੀਜ਼ਾਂ ਨੂੰ ਘਰੇਲੂ ਇਕਾਂਤਵਾਸ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਜਿਸ ਦੌਰਾਨ ਇਸ ਸਮੇਂ ਸ਼ਹਿਰ ਵਿੱਚ ਕਰੋਨਾ ਦੇ ਕੁੱਲ 6073 ਐਕਟਿਵ ਕੇਸ ਹਨ।
ਐਸ.ਏ.ਐਸ. ਨਗਰ (ਪੱਤਰ ਪੇ੍ਰਕ): ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸ਼ਹਿਰ ਸਮੇਤ ਸਮੁੱਚੇ ਮੁਹਾਲੀ ਜ਼ਿਲ੍ਹੇ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਹੈ। ਲਗਾਤਾਰ ਕਰੋਨਾ ਪੀੜਤਾਂ ਦੀ ਮੌਤ ਦਰ ਵਧ ਰਹੀ ਹੈ। ਪਿਛਲੇ ਤਿੰਨ ਦਿਨਾਂ 50 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਕਰੋਨਾ ਮਹਾਮਾਰੀ ਦੇ 467 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 63 ਹਜ਼ਾਰ 276 ’ਤੇ ਪਹੁੰਚ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 20 ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਅਤੇ ਹੁਣ ਤੱਕ 821 ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਪੰਚਕੂਲਾ (ਪੱਤਰ ਪੇ੍ਰਕ): ਪੰਚਕੂਲਾ ਵਿਖੇ ਅੱਜ 250 ਨਵੇਂ ਕਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 4 ਮੌਤਾਂ ਕਰੋਨਾ ਕਾਰਨ ਹੋਈਆਂ ਹਨ। ਪੰਚਕੂਲਾ ਦੀ ਸਿਵਲ ਸਰਜਨ ਡਾ: ਜਸਜੀਤ ਕੌਰ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ। ਪੰਚਕੂਲਾ ਵਿੱਚ ਇਸ ਵੇਲੇ 2220 ਕਰੋਨਾ ਐਕਟਿਵ ਮਰੀਜ਼ ਹਨ।
ਸੈਕਟਰ 32 ਹਸਪਤਾਲ ਦੇ ਲਿਫ਼ਟ ਅਪਰੇਟਰ ਦੀ ਮੌਤ
ਜੀ.ਐਮ.ਸੀ.ਐਚ.-32 ਵਿੱਚ ਲਿਫ਼ਟ ਅਪ੍ਰੇਟਰ ਵਜੋਂ ਤਾਇਨਾਤ ਕਰੀਬ 52 ਸਾਲਾ ਬਲਵਿੰਦਰ ਸਿੰਘ ਸੈਕਟਰ 21 ਚੰਡੀਗੜ੍ਹ ਦਾ ਵਸਨੀਕ ਸੀ ਜਿਸ ਨੂੰ ਕਰੋਨਾ ਹੋਣ ਦੀ ਪੁਸ਼ਟੀ ਉਪਰੰਤ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ ਪ੍ਰੰਤੂ ਹਾਲਤ ਵਿੱਚ ਸੁਧਾਰ ਨਾ ਹੋਣ ਕਾਰਨ ਸੈਕਟਰ 48 ਦੇ ਕੋਵਿਡ ਸੈਂਟਰ ਵਿੱਚ ਸ਼ਿਫ਼ਟ ਕਰ ਦਿੱਤਾ ਗਿਆ ਜਿੱਥੇ ਕਿ ਅੱਜ ਉਸ ਦੀ ਮੌਤ ਹੋ ਗਈ ਹੈ।
ਕਰੋਨਾ ਪਾਜ਼ੇਟਿਵ ਦੁਕਾਨਦਾਰ ਨੂੰ ਪੁਲੀਸ ਨੇ ਘਰ ਤੋਰਿਆ
ਫਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਇਥੇ ਇਕ ਕਰੋਨਾ ਪਾਜ਼ੇਟਿਵ ਦੁਕਾਨਦਾਰ ਨੂੰ ਪੁਲੀਸ ਨੇ ਸਖਤੀ ਵਰਤਦਿਆਂ ਘਰ ਭੇਜ ਦਿੱਤਾ। ਇਸ ਸਬੰਧੀ ਐੱਸਡੀਐੱਮ ਨੂੰ ਸ਼ਹਿਰ ਵਾਸੀਆਂ ਨੇ ਸ਼ਿਕਾਇਤ ਕੀਤੀ ਸੀ ਜਿਨ੍ਹਾਂ ਪੁਲੀਸ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਇਥੇ ਮੱਤੇ ਵਾਲੇ ਚੌਕ ’ਚ ਸਥਿਤ ਕਰਿਆਨੇ ਦੀ ਦੁਕਾਨ ਦੇ ਮਾਲਕ ਨੇ ਕਰੋਨਾ ਪਾਜ਼ੇਟਿਵ ਹੋਣ ਦੇ ਬਾਵਜੂਦ ਦੁਕਾਨ ਖੋਲ੍ਹਣੀ ਜਾਰੀ ਰੱਖੀ। ਜਦੋਂ ਇਸ ਮਰੀਜ਼ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਕੋਈ ਸਮੱਸਿਆ ਨਹੀਂ ਹੈ ਤੇ ਸਿਹਤ ਮਹਿਕਮੇ ਨੇ ਉਸ ਨੂੰ ਗਲਤ ਪਾਜ਼ੇਟਿਵ ਐਲਾਨਿਆ ਹੈ। ਇਸ ਸਬੰਧੀ ਐਸਡੀਐਮ ਜਸਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਤਾਂ ਦੁਕਾਨਦਾਰ ਨੂੰ ਚੇਤਾਵਨੀ ਹੀ ਦਿੱਤੀ ਗਈ ਹੈ ਜੇਕਰ ਭਵਿੱਖ ਵਿੱਚ ਦੁਬਾਰਾ ਗਲਤੀ ਦੁਹਰਾਉਂਦਾ ਹੈ ਤਾਂ ਸਖਤ ਕਾਨੂੰਨ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।
ਕੋਵਿਡ ਮਰੀਜ਼ਾਂ ਲਈ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਤ
ਰੂਪਨਗਰ (ਪੱਤਰ ਪੇ੍ਰਕ): ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸੋਨਾਲੀ ਗਿਰੀ ਵੱਲੋਂ ਕੋਵਿਡ-19 ਬਿਮਾਰੀ ਤੋਂ ਪੀੜਤ ਮਰੀਜਾਂ ਨੂੰ ਹਸਪਤਾਲ ਲਿਜਾਣ ਲਈ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ। ਇਹ ਕਾਰਵਾਈ ਪ੍ਰਸ਼ਾਸਨ ਨੇ ਲੋਕਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਹੈ।
ਰੂਪਨਗਰ (ਪੱਤਰ ਪੇ੍ਰਕ): ਜ਼ਿਲ੍ਹੇ ਵਿੱਚ ਅੱਜ 109 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਜਦੋਂ ਕਿ 3 ਵਿਅਕਤੀਆਂ ਦੀ ਕਰੋਨਾ ਕਾਰਨ ਮੌਤ ਹੋ ਗਈ। ਰੂਪਨਗਰ ਦੇ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਢਾਂਡਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 335 ਹੋ ਗਈ ਹੈ।
ਅੰਬਾਲਾ (ਪੱਤਰ ਪੇ੍ਰਕ): ਅੱਜ ਅੰਬਾਲਾ ਜ਼ਿਲ੍ਹੇ ਵਿਚ 200 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 28259 ਹੋ ਗਈ ਹੈ ਜਦੋਂ ਕਿ 365 ਮਰੀਜ਼ਾਂ ਦੇ ਕਰੋਨਾ ਮੁਕਤ ਹੋਣ ਤੋਂ ਬਾਅਦ ਹੁਣ 2018 ਐਕਟਿਵ ਮਰੀਜ਼ ਬਾਕੀ ਰਹਿ ਗਏ ਹਨ। ਅੱਜ ਜ਼ਿਲ੍ਹੇ ਵਿਚ ਕਰੋਨਾ ਨੇ 7 ਮਰੀਜ਼ਾਂ ਦੀ ਜਾਨ ਲਈ ਹੈ।
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਕਰੋਨਾ ਕਾਰਨ ਅੱਜ 4 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 157 ਨਵੇਂ ਮਾਮਲੇ ਸਾਹਮਣੇ ਆਏ ਹਨ।