ਕੁਲਦੀਪ ਸਿੰਘ
ਚੰਡੀਗੜ੍ਹ, 11 ਨਵੰਬਰ
ਸ਼ਹਿਰ ਵਿੱਚ ਕਰੋਨਾਵਾਇਰਸ ਕਾਰਨ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਅੱਜ ਸੈਕਟਰ-18 ਵਾਸੀ 73 ਸਾਲਾਂ ਦੇ ਬਜ਼ੁਰਗ ਦੀ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਮੌਤ ਹੋ ਗਈ ਅਤੇ ਪਿੰਡ ਧਨਾਸ ਵਾਸੀ 52 ਸਾਲਾਂ ਦੀ ਔਰਤ ਨੇ ਸਰਕਾਰੀ ਹਸਪਤਾਲ ਸੈਕਟਰ-32 ਵਿੱਚ ਦਮ ਤੋੜ ਦਿੱਤਾ। ਇਸੇ ਦੌਰਾਨ ਸ਼ਹਿਰ ਵਿੱਚ ਅੱਜ ਕਰੋਨਾਵਾਇਰਸ ਦੇ 95 ਨਵੇਂ ਕੇਸ ਸਾਹਮਣੇ ਆਏ ਹਨ। ਰਾਹਤ ਦੀ ਗੱਲ ਇਹ ਹੈ ਕਿ 57 ਮਰੀਜ਼ਾਂ ਨੇ ਵਾਇਰਸ ਨੂੰ ਮਾਤ ਦਿੱਤੀ ਹੈ ਤੇ ਊਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 15434 ਹੋ ਗਿਆ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 958 ਹੈ। ਯੂਟੀ ਦੇ ਸਿਹਤ ਵਿਭਾਗ ਮੁਤਾਬਕ ਸ਼ਹਿਰ ਵਿੱਚ ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਨਵੇਂ ਸਾਹਮਣੇ ਆਏ ਕੇਸ ਸੈਕਟਰ 8, 9, 10, 14, 15, 16, 19, 20, 21, 22, 23, 24, 26, 27, 28, 32, 33, 34, 35, 37, 38, 39, 40, 41, 43, 44, 45, 46, 47, 48, 49, 50, 61, 63, ਬੁੜੈਲ, ਦੜੂਆ, ਧਨਾਸ, ਫੈਦਾਂ, ਮਲੌਆ, ਮਨੀਮਾਜਰਾ, ਮੌਲੀ ਜੱਗਰਾਂ, ਪੀ.ਜੀ.ਆਈ. ਕੈਂਪਸ ਤੇ ਰਾਮ ਦਰਬਾਰ ਨਾਲ ਸਬੰਧਤ ਹਨ।
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 119 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਕ ਮਰੀਜ਼ ਦੀ ਮੌਤ ਹੋਈ ਹੈ।। ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 13 ਹਜ਼ਾਰ 179 ਹੋ ਗਈ ਹੈ। ਅੱਜ 71 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਘਰ ਭੇਜਿਆ ਗਿਆ ਹੈ। ਵੇਰਵਿਆਂ ਅਨੁਸਾਰ ਮੁਹਾਲੀ ਸ਼ਹਿਰੀ ਖੇਤਰ ਵਿੱਚ 114 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਡੇਰਾਬੱਸੀ ਵਿੱਚ 1 ਅਤੇ ਖਰੜ ਵਿੱਚ ਚਾਰ ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 5 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਇਕ ਵਿਅਕਤੀ ਦੀ ਵਾਇਰਸ ਕਾਰਨ ਮੌਤ ਹੋਈ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ ਇਕ, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿੱਚ 2, ਭਰਤਗੜ੍ਹ ਇਲਾਕੇ ਵਿੱਚ ਇਕ, ਚਮਕੌਰ ਸਾਹਿਬ ਇਲਾਕੇ ਵਿੱਚ ਇਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 152 ਹੈ। ਅੱਜ ਚਮਕੌਰ ਸਾਹਿਬ ਇਲਾਕੇ ਦੇ ਪਿੰਡ ਕਤਲੋਰ ਦੇ 81 ਸਾਲਾਂ ਦੇ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋਈ ਹੈ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੇ 78 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਚਕੂਲਾ ਇਲਾਕੇ ਨਾਲ ਸਬੰਧਤ 67 ਕੇਸ ਹਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕਿਹਾ ਕਿ ਕਰੋਨਾ ਦੇ ਵੱਧ ਰਹੇ ਕੇਸ ਸਿਹਤ ਵਿਭਾਗ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ।