ਹਰਜੀਤ ਸਿੰਘ
ਜ਼ੀਰਕਪੁਰ, 16 ਅਪਰੈਲ
ਢਕੋਲੀ ਖੇਤਰ ਵਿੱਚ ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਇਸ ਨੂੰ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ। ਇਥੇ ਅੱਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਅਤੇ ਐੱਸ.ਐੱਸ.ਪੀ. ਮੁਹਾਲੀ ਸਤਿੰਦਰ ਸਿੰਘ ਨੇ ਮੌਕੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਕਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਹਿਯੋਗ ਦੇਣ ਅਤੇ ਐਂਟੀ ਕੋਵਿਡ-19 ਵੈਕਸੀਨ ਲਵਾਉਣ ਦੀ ਅਪੀਲ ਕੀਤੀ।
ਡੀਸੀ ਗਿਰੀਸ਼ ਦਿਆਲਨ ਨੇ ਕਿਹਾ ਕਿ ਕਰੋਨਾ ਰੋਕੂ ਵੈਕਸੀਨ ਬਾਰੇ ਕੁਝ ਲੋਕ ਅਫ਼ਵਾਹਾਂ ਫੈਲਾਅ ਰਹੇ ਹਨ ਜਦਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਨੇ ਲੋਕਾਂ ਨੂੰ ਕਰੋਨਾ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਐੱਸ.ਐੱਸ.ਪੀ. ਮੁਹਾਲੀ ਸਤਿੰਦਰ ਸਿੰਘ ਵੱਲੋਂ ਪੁਲੀਸ ਨੂੰ ਕੰਟੇਨਮੈਂਟ ਜ਼ੋਨ ਵਿੱਚ ਕੀਤੀ ਗਈ ਸਖ਼ਤੀ ਪੂਰੀ ਤਰਾਂ ਲਾਗੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਨੂੰ ਰੋਕਣ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਜਿਸ ਤੋਂ ਬਿਨ੍ਹਾਂ ਇਸ ’ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਇਸ ਮੌਕੇ ਉਨ੍ਹਾਂ ਨੇ ਸਥਾਨਕ ਕੌਂਸਲਰਾਂ ਅਤੇ ਵੱਖ ਵੱਖ ਸੁਸਾਇਟੀਆਂ ਦੇ ਨੁਮਇੰਦਿਆਂ ਨੂੰ ਲੋਕਾਂ ਨੂੰ ਵਧ ਤੋਂ ਵਧ ਟੀਕਾਕਰਨ ਕਰਵਾਉਣ ਲਈ ਪ੍ਰਸ਼ਾਸ਼ਨ ਦੀ ਮਦਦ ਕਰਨ ਦੀ ਅਪੀਲ ਕੀਤੀ।