ਪੱਤਰ ਪ੍ਰੇਰਕ
ਚੰਡੀਗੜ੍ਹ, 21 ਜਨਵਰੀ
ਸ਼ਹਿਰ ਵਿੱਚ ਅੱਜ ਕਰੋਨਾਵਾਇਰਸ ਦੇ 16 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸੇ ਦੌਰਾਨ ਸੈਕਟਰ-30 ਵਾਸੀ 71 ਸਾਲਾਂ ਦੇ ਕਰੋਨਾ ਪੀੜਤ ਵਿਅਕਤੀ ਦੀ ਮੌਤ ਹੋਈ ਹੈ। ਨਵੇਂ ਕਰੋਨਾ ਮਰੀਜ਼ ਸੈਕਟਰ 9, 15, 26, 32, 37, 41, 47, 56, 63, ਡੱਡੂਮਾਜਰਾ, ਧਨਾਸ, ਫੈਦਾਂ ਤੇ ਮਨੀਮਾਜਰਾ ਦੇ ਵਸਨੀਕ ਹਨ। ਇਸ ਤੋਂ ਇਲਾਵਾ ਅੱਜ 40 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਇਆ ਹੈ ਤੇ ਸ਼ਹਿਰ ਵਿੱਚ ਐਕਟਿਵ ਕੇਸ 146 ਹਨ।
ਮੁਹਾਲੀ (ਪੱਤਰ ਪ੍ਰੇਰਕ): ਮੁਹਾਲੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਕਰੋਨਾ ਦੇ 44 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 67 ਮਰੀਜ਼ਾਂ ਨੂੰ ਠੀਕ ਹੋਏ ਹਨ। ਉਨ੍ਹਾਂ ਦੱਸਿਆ ਕਿ ਅੱਜ ਇਕ ਹੋਰ ਕਰੋਨਾ ਪੀੜਤ ਦੀ ਮੌਤ ਹੋਈ ਹੈ। ਵੇਰਵੇ ਅਨੁਸਾਰ ਮੁਹਾਲੀ ਸ਼ਹਿਰੀ ਖੇਤਰ ਵਿੱਚ 26 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਟੀਕਾਕਰਨ ਮੁਹਿੰਮ ਸ਼ੁਰੂ
ਡੇਰਾਬੱਸੀ (ਹਰਜੀਤ ਸਿੰਘ): ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਚ ਕਰੋਨਾ ਖ਼ਿਲਾਫ਼ ਟੀਕਾਕਰਨ ਸੈਸ਼ਨ ਦੀ ਸ਼ੁਰੂਆਤ ਹੋ ਗਈ ਹੈ। ਇਸ ਮੌਕੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵੀ ਹਾਜ਼ਰ ਸਨ। ਸੀਐਮਓ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਸਿਹਤ ਕਾਮਿਆਂ ਤੇ ਕਰੋਨਾ ਦੌਰਾਨ ਮੂਹਰਲੀ ਕਤਾਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇਹ ਦਵਾਈ ਪਹਿਲਾਂ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਪੜਾਅਵਾਰ ਹੋਰਨਾਂ ਵਿਅਕਤੀਆਂ ਨੂੰ ਦਵਾਈ ਦਿੱਤੀ ਜਾਵੇਗੀ। ਇਸ ਮੌਕੇ ਨੋਡਲ ਅਫਸਰ ਡਾ. ਅਨੁਜ ਕੁਮਾਰ ਨੇ ਪਹਿਲਾ ਟੀਕਾ ਲਗਵਾਇਆ।