ਪੱਤਰ ਪ੍ਰੇਰਕ
ਚੰਡੀਗੜ੍ਹ, 2 ਜਨਵਰੀ
ਚੰਡੀਗੜ੍ਹ ਵਿੱਚ ਅੱਜ ਕਰੋਨਾਵਾਇਰਸ ਦੇ 29 ਨਵੇਂ ਕੇਸ ਸਾਹਮਣੇ ਆਏ ਹਨ ਤੇ ਸੈਕਟਰ-51 ਵਾਸੀ ਬਜ਼ੁਰਗ ਦੀ ਜੀ.ਐੱਮ.ਸੀ.ਐੱਚ.-32 ਵਿੱਚ ਮੌਤ ਹੋਈ ਹੈ। ਨਵੇਂ ਮਰੀਜ਼ ਸੈਕਟਰ 9, 11, 12, 16, 20, 21, 22, 23, 28, 33, 37, 41, 44, 45, 48, 38-ਵੈਸਟ, ਧਨਾਸ, ਮਲੋਆ, ਮਨੀਮਾਜਰਾ ਤੇ ਮੌਲੀ ਜੱਗਰਾਂ ਦੇ ਵਸਨੀਕ ਹਨ। ਅੱਜ 117 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਇਆ ਹੈ ਤੇ ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 320 ਹੈ।
ਮੁਹਾਲੀ (ਪੱਤਰ ਪ੍ਰੇਰਕ): ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 18 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 33 ਮਰੀਜ਼ ਤੰਦਰੁਸਤ ਹੋਏ ਹਨ। ਅੱਜ ਇਕ ਹੋਰ ਕਰੋਨਾ ਪੀੜਤ ਦੀ ਮੌਤ ਹੋਈ ਹੈ। ਵੇਰਵੇ ਅਨੁਸਾਰ ਮੁਹਾਲੀ ਸ਼ਹਿਰੀ ਖੇਤਰ ਵਿੱਚ 12, ਖਰੜ, ਘੜੂੰਆਂ, ਬੂਥਗੜ੍ਹ ਤੇ ਢਕੋਲੀ ਵਿੱਚ 1-1 ਅਤੇ ਡੇਰਾਬੱਸੀ ਵਿੱਚ 2 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।
ਰੂਪਨਗਰ (ਬਹਾਦਰਜੀਤ ਸਿੰਘ): ਜ਼ਿਲ੍ਹੇ ਵਿੱਚ ਅੱਜ 12 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋਈ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 5, ਨੰਗਲ ਇਲਾਕੇ ਵਿੱਚ 2, ਭਰਤਗੜ੍ਹ ਇਲਾਕੇ ਵਿੱਚ ਇੱਕ, ਸ੍ਰੀ ਆਨੰਦਪੁਰ ਸਾਹਿਬ ਵਿੱਚ ਇੱਕ, ਮੋਰਿੰਡਾ ਇਲਾਕੇ ਵਿੱਚ 3 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 99 ਹੈ। ਅੱਜ ਪਿੰਡ ਬਬਾਨੀ ਕਲਾਂ ਦੀ 86 ਸਾਲਾਂ ਦੀ ਔਰਤ ਦੀ ਮੌਤ ਹੋਈ ਹੈ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਜ਼ਿਲ੍ਹੇ ਵਿਚ 24 ਨਵੇਂ ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 11555 ਹੋ ਗਈ ਹੈ। ਅੱਜ ਜ਼ਿਲ੍ਹੇ ਵਿੱਚ 18 ਮਰੀਜ਼ ਡਿਸਚਾਰਜ ਵੀ ਹੋਏ ਹਨ।
ਪੰਚਕੂਲਾ ਵਿੱਚ ਟੀਕਾਕਰਨ ਮੁਹਿੰਮ ਦਾ ਟਰਾਇਲ ਸ਼ੁਰੂ
ਪੰਚਕੂਲਾ (ਪੀ.ਪੀ. ਵਰਮਾ): ਵਧੀਕ ਮੁੱਖ ਸਕੱਤਰ (ਸਿਹਤ), ਰਾਜੀਵ ਅਰੋੜਾ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਮੰਤਰਾਲੇ ਨੇ ਕਰੋਨਾ ਟੀਕਾਕਰਨ ਲਈ ਡਰਾਈ ਰਨ ਯੋਜਨਾ ਬਣਾਈ ਹੈ। ਇਸ ਮੁਹਿੰਮ ਲਈ ਹਰੇਕ ਜ਼ਿਲ੍ਹੇ ਵਿਚ ਤਿੰਨ ਸਾਈਟਾਂ ਦੀ ਚੋਣ ਕੀਤੀ ਜਾਵੇਗੀ। ਜ਼ਿਲ੍ਹਾ ਪੰਚਕੂਲਾ ਵਿਚ ਟੀਕਾਕਰਨ ਲਈ ਡਰਾਈ ਮੁਹਿੰਮ ਸ਼ੁਰੂ ਹੋ ਗਈ ਹੈ। ਇਸ ਮੰਤਵ ਲਈ ਸੈਕਟਰ 4 ਦੀ ਡਿਸਪੈਂਸਰੀ, ਸੈਕਟਰ 8 ਦੀ ਡਿਸਪੈਂਸਰੀ, ਪ੍ਰਾਇਮਰੀ ਹੈਲਥ ਸੈਂਟਰ ਕੋਟ ਅਤੇ ਪ੍ਰਾਇਮਰੀ ਹੈਲਥ ਸੈਂਟਰ ਰਾਏਪੁਰ ਰਾਣੀ ਵਿੱਚ ਕੋਵਿਡ-19 ਟੀਕਾ ਲਾਉਣ ਲਈ ਟਰਾਇਲ ਕੀਤੇ ਜਾਣਗੇ। ਟੀਕਾ ਲਗਾਉਣ ਦੀ ਮੁਹਿੰਮ ਹੈਲਥ ਕੇਅਰ ਵਰਕਰਾਂ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਮਗਰੋਂ ਫਰੰਟ ਲਾਈਨ ਵਰਕਰਾਂ ਜਿਵੇਂ ਮਿਉਂਸਿਪਲ ਅਤੇ ਸੈਨੇਟਰੀ ਵਰਕਰਜ਼, ਪੁਲੀਸ ਕਰਮਚਾਰੀਆਂ ਤੇ ਸੈਨਿਕਾਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸੇ ਦੌਰਾਨ ਜ਼ਿਲ੍ਹੇ ਵਿੱਚ ਕਰੋਨਾ ਦੇ 24 ਨਵੇਂ ਕੇਸ ਸਾਹਮਣੇ ਆਏ ਹਨ ਤੇ ਇੱਕ ਮਹਿਲਾ ਦੀ ਮੌਤ ਵੀ ਹੋਈ ਹੈ। ਇਸ ਗੱਲ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ।