ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 5 ਮਈ
ਕਰੋਨਾ ਨੇ ਟਰਾਈਸਿਟੀ ਦੇ ਸਕੂਲ ਬੱਸ ਅਪਰੇਟਰਾਂ ਦਾ ਚੱਕਾ ਦੂਜੇ ਸਾਲ ਵੀ ਰੋਕ ਦਿੱਤਾ ਹੈ। ਬੱਸ ਮਾਲਕਾਂ ਨੂੰ ਹੁਣ ਕਿਸ਼ਤਾਂ ਨਾ ਭਰਨ ’ਤੇ ਬੈਂਕਾਂ ਨੇ ਕਾਨੂੰਨੀ ਨੋਟਿਸ ਭੇਜ ਦਿੱਤੇ ਹਨ ਤੇ ਕਈ ਬੱਸ ਮਾਲਕਾਂ ਨੇ ਬੱਸਾਂ ਵੇਚਣ ਤਕ ਦੀ ਤਿਆਰੀ ਕਰ ਲਈ ਹੈ। ਬੱਸ ਮਾਲਕਾਂ ਨੇ ਅੱਜ ਇੰਡੀਪੈਂਡੈਂਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਰਾਹਤ ਮੰਗੀ ਹੈ ਤਾਂ ਕਿ ਉਹ ਘਰ ਦੇ ਖਰਚੇ ਚਲਾ ਸਕਣ। ਉਨ੍ਹਾਂ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਜਦ ਤਕ ਸਕੂਲ ਨਹੀਂ ਖੁੱਲ੍ਹਦੇ ਤਦ ਤਕ ਮੋਟਰ ਵੈਹੀਕਲ ਟੈਕਸ, ਪਰਮਿਟ ਫੀਸ ਰਿਨਿਊਲ ਤੇ ਸਕੂਲ ਬੱਸ ਫਿਟਨੈਸ ਸਰਟੀਫਿਕੇਟ ਦੀ ਮਿਆਦ ਵਧਾਈ ਜਾਵੇ ਨਹੀਂ ਤਾਂ ਉਨ੍ਹਾਂ ਨੂੰ ਬੱਸਾਂ ਵੇਚਣ ਲਈ ਮਜਬੂਰ ਹੋਣਾ ਪਵੇਗਾ।
ਚੰਡੀਗੜ੍ਹ ਸਕੂਲ ਬੱਸ ਅਪਰੇਟਰਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਉਨ੍ਹਾਂ ਦੇ ਜ਼ਿਆਦਾਤਰ ਖਰਚੇ ਪਹਿਲਾਂ ਵਾਂਗ ਹੀ ਚੱਲ ਰਹੇ ਹਨ। ਇਸ ਵੇਲੇ ਬੱਸ ਮਾਲਕਾਂ ਨੂੰ ਪ੍ਰਤੀ ਬੱਸ ਪ੍ਰਤੀ ਮਹੀਨਾ 30 ਤੋਂ 35 ਹਜ਼ਾਰ ਰੁਪਏ ਲੋਨ ਦੀ ਕਿਸ਼ਤ ਤਾਰਨੀ ਪੈਂਦੀ ਹੈ ਜੋ ਆਮਦਨੀ ਨਾ ਹੋਣ ਕਾਰਨ ਬੰਦ ਕਰ ਦਿੱਤੀ ਗਈ ਹੈ। ਮਨੀਮਾਜਰਾ ਦੇ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2019 ਵਿਚ ਸਕੂਲ ਲਈ ਇਕ ਬੱਸ ਹੀ ਪਾਈ ਸੀ ਪਰ 2020 ਵਿਚ ਕਰੋਨਾ ਕਾਰਨ ਸਕੂਲ ਬੰਦ ਹੋ ਗਏ ਤੇ ਉਹ ਪਿਛਲੇ ਦੋ ਸਾਲਾਂ ਤੋਂ ਆਰਥਿਕ ਮੰਦਹਾਲੀ ਵਿਚ ਘਿਰ ਗਿਆ ਹੈ। ਪ੍ਰਧਾਨ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਇੰਡੀਪੈਂਡੈਂਟ ਸਕੂਲ ਐਸੋੋਸੀਏਸ਼ਨ ਦੇ ਪ੍ਰਧਾਨ ਐਚ ਐਸ ਮਾਮਿਕ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿਸਕੂਲ ਬੱਸ ਮਾਲਕਾਂ ਦੀ ਮਦਦ ਕਰਨ ਤੇ ਉਨ੍ਹਾਂ ਦੇ ਬੈਂਕ ਦੀਆਂ ਕਿਸ਼ਤਾਂ ਭਰ ਦੇਣ, ਜਦੋਂ ਸਕੂਲ ਖੁੱਲ੍ਹ ਜਾਣਗੇ ਤਾਂ ਉਹ ਸਕੂਲਾਂ ਵਲੋਂ ਭਰੇ ਪੈਸੇ ਵਾਪਸ ਕਰ ਦੇਣਗੇ। ਉਨ੍ਹਾਂ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਕਿ ਜਾਂ ਬੈਂਕਾਂ ਵਾਲਿਆਂ ਨੂੰ ਸਕੂਲ ਖੁੱਲ੍ਹਣ ਤਕ ਕਿਸ਼ਤਾਂ ਲੈਣ ਤੋਂ ਰੋਕਿਆ ਜਾਵੇ।
ਅਪਰੈਲ 20 ਤੋਂ ਅਪਰੈਲ 21 ਤਕ ਕੋਈ ਫੀਸ ਨਹੀਂ ਮਿਲੀ
ਮਨਜੀਤ ਸੈਣੀ ਨੇ ਕਿਹਾ ਕਿ ਬੱਸ ਮਾਲਕਾਂ ਨੂੰ ਅਪਰੈਲ 2020 ਤੋਂ ਅਪਰੈਲ 2021 ਤਕ ਸਕੂਲ ਬੱਸਾਂ ਦੀ ਕੋਈ ਫੀਸ ਨਹੀਂ ਮਿਲੀ ਜਦਕਿ ਉਹ ਪਿਛਲੇ 30 ਤੋਂ 35 ਸਾਲਾਂ ਤੋਂ ਸਕੂਲਾਂ ਨਾਲ ਜੁੜੇ ਹੋਏ ਹਨ ਤੇ ਇਸ ਔਖੀ ਘੜੀ ਸਕੂਲਾਂ ਵਾਲਿਆਂ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਸਕੂਲਾਂ ਵਾਲਿਆਂ ਨੂੰ ਤਾਂ ਆਪ ਫੀਸਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ।
4 ਹਜ਼ਾਰ ਡਰਾਈਵਰ ਤੇ ਅਟੈਂਡੈਂਟ ਕੱਢੇ
ਸਕੂਲ ਬੱਸਾਂ ਬੰਦ ਹੋਣ ਨਾਲ ਟਰਾਈਸਿਟੀ ਦੇ ਚਾਰ ਹਜ਼ਾਰ ਡਰਾਈਵਰ ਤੇ ਸਟਾਫ ਮੈਂਬਰ ਵਿਹਲੇ ਹੋ ਗਏ ਹਨ ਤੇ ਉਨ੍ਹਾਂ ਨੂੰ ਦਿਹਾੜੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਪਰ ਹੁਣ ਕਰੋਨਾ ਕਾਰਨ ਦਿਹਾੜੀ ਵੀ ਨਹੀਂ ਮਿਲਦੀ। ਚੰਡੀਗੜ੍ਹ ਦੇ ਇਕ ਸਕੂਲ ਬੱਸ ਵਿਚ ਤਾਇਨਾਤ ਰਹੀ ਅਟੈਂਡੈਂਟ ਕਰਮ ਕੌਰ ਨੇ ਕਿਹਾ ਕਿ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤੇ ਤਣਾਅ ਕਾਰਨ ਨੀਂਦ ਨਹੀਂ ਆਉਂਦੀ ਪਰ ਖਰਚੇ ਉਵੇਂ ਹੀ ਬਰਕਰਾਰ ਹਨ। ਇਹੀ ਕਹਾਣੀ ਬੱਸ ਡਰਾਈਵਰ ਹਰਦੇਵ ਸਿੰਘ ਨੇ ਸੁਣਾਈ।