ਪੀਪੀ ਵਰਮਾ
ਪੰਚਕੂਲਾ 21, ਜੁਲਾਈ
ਪੰਚਕੂਲਾ ਆਈਟੀਬੀਪੀ ਕੈਂਪ ਦੇ ਜਵਾਨ, ਜੋ ਛੁੱਟੀ ਤੋਂ ਬਾਅਦ ਡਿਊਟੀ ’ਤੇ ਆ ਰਹੇ ਹਨ, ਨੂੰ ਇਥੇ ਇਕਾਂਤਵਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਰੋਨਾ ਟੈਸਟ ਵੀ ਕੀਤਾ ਜਾ ਰਿਹਾ ਹੈ। ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਆਈਟੀਬੀਪੀ ਦੇ ਪਹਿਲਾਂ ਪੰਜ ਜਵਾਨ ਕਰੋਨਾ ਪੀੜਤ ਸਨ, ਜਿਸ ਤੋਂ ਬਾਅਦ ਆਈਟੀਬੀਪੀ ਦੀਆਂ ਦੋ ਮਹਿਲਾ ਜਵਾਨ ਵੀ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ। ਜ਼ਿਲ੍ਹੇ ਦੇ ਕਰੋਨਾ ਮਾਮਲਿਆਂ ਦੇ ਨੋਡਲ ਅਧਿਕਾਰੀ ਡਾ. ਰਾਜੀਵ ਨਰਵਾਲ ਅਤੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਆਈਟੀਬੀਪੀ ਦੇ ਜਵਾਨਾਂ ਦੀ ਲਿਸਟ ਬਣਾਈ ਜਾ ਰਹੀ ਹੈ ਅਤੇ ਆਈਟੀਬੀਪੀ ਦੇ ਕੈਂਪ ਪੰਚਕੂਲਾ ਨੂੰ ਸੀਲ ਕੀਤਾ ਗਿਆ ਹੈ ਅਤੇ ਉਸ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 24 ਘੰਟਿਆਂ ਦੌਰਾਨ ਕਰੋਨਾ ਦੇ 31 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 29 ਪੰਚਕੂਲਾ ਅਤੇ ਆਈਟੀਬੀਪੀ ਭਾਨੂੰ ਨਾਲ ਸਬੰਧਤ ਹਨ। ਸੈਕਟਰ-9, ਨੱਗਲ, ਜਾਸਪੁਰ, ਟੋਡਾ, ਨਵਾਂਗਾਂਵ, ਮੌਲੀ, ਟਾਗਰਾ, ਟਿਪਰਾ, ਸੈਕਟਰ-8, ਸੈਕਟਰ-16, ਸੈਕਟਰ-10 ਵਿੱਚ ਇੱਕ ਇੱਕ ਕਰੋਨਾ ਪਾਜ਼ੇਟਿਵ ਮਾਮਲਾ ਮਿਲਿਆ ਹੈ। ਇਸੇ ਤਰ੍ਹਾਂ ਆਸ਼ੀਆਨਾ ਫੇਜ਼-1, ਸੈਕਟਰ-20 ਵਿੱਚ ਦੋ-ਦੋ ਕਰੋਨਾ ਪਾਜ਼ੇਟਿਵ ਮਾਮਲੇ ਮਿਲੇ ਹਨ। ਆਈਟੀਬੀਪੀ ਵਿੱਚ 7 ਜਵਾਨ, ਬਰਵਾਲਾ ਵਿੱਚ ਸੱਤ ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ ਹਨ ਇਨ੍ਹਾਂ ਵਿੱਚ 4 ਆਸ਼ਾ ਵਰਕਰ ਹਨ। ਇਸ ਤੋਂ ਇਲਾਵਾ ਦੋ ਕਰੋਨਾ ਪਾਜ਼ੇਟਿਵ ਪੰਚਕੂਲਾ ਜ਼ਿਲ੍ਹੇ ਤੋਂ ਬਾਹਰੋਂ ਮਿਲੇ ਹਨ ਜੋ ਇੱਕ ਚੰਡੀਗੜ੍ਹ ਅਤੇ ਇੱਕ ਕੁਰੂਕਸ਼ੇਤਰ ਦਾ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 280 ਮਰੀਜ਼ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਪੰਚਕੂਲਾ ਵਿੱਚ ਕਰੋਨਾ ਪਾਜ਼ੇਟਿਵ ਮਾਮਲੇ ਮਿਲਣ ਕਾਰਨ ਪ੍ਰਸ਼ਾਸਨ ਨੇ ਸੈਕਟਰ-9 ਅਤੇ ਇੰਡਸਟਰੀਅਲ ਏਰੀਆ ਫੇਜ਼-1 ਨੂੰ ਕੰਟੇਨਮੈਂਟ ਏਰੀਆ ਐਲਾਨਿਆ ਗਿਆ ਹੈ। ਇਸਦੇ ਨਾਲ ਲਗਦੇ ਇਲਾਕੇ ਨੂੰ ਬੱਫਰ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ। ਕੰਟੇਨਮੈਂਟ ਜ਼ੋਨ ਸ਼ਹਿਰੀ ਵਿਕਾਸ ਅਥਾਰਟੀ ਦੀ ਅਸਟੇਟ ਅਫ਼ਸਰ ਮਮਤਾ ਸ਼ਰਮਾ ਓਵਰਆਲ ਇੰਚਾਰਜ ਅਤੇ ਐੱਸਡੀਈ ਐੱਮਪੀ ਸ਼ਰਮਾ ਸਹਾਇਕ ਹੋਣਗੇ।