ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 2 ਜਨਵਰੀ
ਚੰਡੀਗੜ੍ਹ ਸ਼ਹਿਰ ਵਿੱਚ ਕਰੋਨਾ ਦੇ ਵੱਧ ਰਹੇ ਪ੍ਰਭਾਵ ਅਤੇ ਸੈਰ ਸਪਾਟੇ ਵਾਲੀਆਂ ਥਾਂਵਾਂ ’ਤੇ ਲੋਕਾਂ ਵਲੋਂ ਕਰੋਨਾ ਦੇ ਨਿਯਮਾਂ ਦੀ ਕੀਤੀ ਜਾ ਰਹੀ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਸ਼ਾਸਨ ਇਥੇ ਸੁਖਨਾ ਝੀਲ ‘ਤੇ ਕੁਝ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਡਿਜ਼ਾਸਟਰ ਮੈਨੇਜਮੈਂਟ ਤਹਿਤ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਸੁਖਨਾ ਝੀਲ ਨੂੰ ਆਮ ਲੋਕਾਂ ਦੇ ਘੁੰਮਣ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤਹਿਤ ਸੁਖਨਾ ਝੀਲ ਕੇਵਲ ਸੈਰ ਕਰਨ ਵਾਲਿਆਂ ਲਈ ਹਫਤੇ ਵਿੱਚ ਸੋਮਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰੇ 5 ਵਜੇ ਤੋਂ 9 ਅਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਖੁੱਲ੍ਹੀ ਰਹੇਗੀ। ਹਰ ਐਤਵਾਰ ਨੂੰ ਸੁਖਨਾ ਝੀਲ ਕਿਸੇ ਵੀ ਤਰ੍ਹਾਂ ਦੀ ਐਕਟੀਵਿਟੀ ਲਈ ਪੂਰੀ ਤਰ੍ਹਾਂ ਬੰਦ ਰੱਖੀ ਜਾਵੇਗੀ। ਇਹ ਪਾਬੰਦੀਆਂ ਭਲਕੇ 3 ਜਨਵਰੀ ਤੋਂ ਲਾਗੂ ਹੋ ਜਾਣਗੀਆਂ। ਇਸ ਦੇ ਨਾਲ ਹੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕੋਵਿਡ ਦੀ ਰੋਕਥਾਮ ਲਈ ਜਾਰੀ ਹਦਾਇਤਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਸਖਤੀ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟਣ ਦੇ ਨਾਲ ਨਾਲ ਜ਼ਰੂਰੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਸ਼ਹਿਰ ਵਿੱਚ ਪਿਛਲੇ ਦਿਨਾਂ ਤੋਂ ਕਰੋਨਾ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਕਰੋਨਾ ਦੇ ਇਸ ਖ਼ਤਰੇ ਨੂੰ ਲੈ ਕੇ ਸ਼ਹਿਰ ਵਾਸੀ ਪੂਰੀ ਤਰ੍ਹਾਂ ਲਾਪ੍ਰਵਾਹੀ ਵਰਤ ਰਹੇ ਹਨ। ਲੰਘੇ ਦਿਨ ਵੀ ਸੁਖਨਾ ਝੀਲ ਸਮੇਤ ਹੋਰ ਥਾਵਾਂ ‘ਤੇ ਰਿਕਾਰਡ ਭੀੜ ਦੇਖਣ ਨੂੰ ਮਿਲੀ ਸੀ ਅਤੇ ਲੋਕ ਕਰੋਨਾ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਮਸਤੀ ਕਰਦੇ ਨਜ਼ਰ ਆਏ ਸਨ ਜਿਸ ਕਾਰਨ ਪ੍ਰਸ਼ਾਸਨ ਨੂੰ ਅਜਿਹੇ ਸਖ਼ਤ ਫੈਸਲੇ ਲੈਣ ਲਈ ਮਜਬੂਰ ਹੋਣਾ ਪਿਆ ਹੈ।