ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਦਸੰਬਰ
ਦੱਖਣੀ ਅਫਰੀਕਾ ਤੋਂ ਪਰਤੇ ਚੰਡੀਗੜ੍ਹ ਦੇ ਸੈਕਟਰ-36 ਦੇ ਵਸਨੀਕ 39 ਸਾਲਾਂ ਕਰੋਨਾ ਪਾਜ਼ੇਟਿਵ ਨੌਜਵਾਨ ਦਾ ‘ਓਮੀਕਰੋਨ’ ਟੈਸਟ ਨੈਗੇਟਿਵ ਆਇਆ ਹੈ। ਇਸ ਗੱਲ ਦੀ ਪੁਸ਼ਟੀ ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੀਤੀ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ ਦੱਖਣੀ ਅਫ਼ਰੀਕਾ ਸਣੇ ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਮੁਸਾਫਿਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸੇ ਤਹਿਤ ਨਿਯਮਾਂ ਦੀ ਉਲੰਘਣਾ ਕਰਦਿਆਂ ਬਾਹਰ ਹੋਟਲ ’ਚ ਰਹਿਣ ’ਤੇ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 21 ਨਵੰਬਰ ਨੂੰ ਚੰਡੀਗੜ੍ਹ ਦਾ ਇਕ ਨੌਜਵਾਨ ਦੱਖਣੀ ਅਫ਼ਰੀਕਾ ਤੋਂ ਪਰਤਿਆ ਸੀ ਜਿਸ ਨੂੰ ਇਕ ਹਫ਼ਤਾ ਇਕਾਂਤਵਾਸ ’ਚ ਰੱਖਿਆ ਗਿਆ, ਇਸ ਦੌਰਾਨ ਉਸ ਦਾ ਕਰੋਨਾ ਦਾ ਟੈਸਟ ਪਾਜ਼ੇਟਿਵ ਪਾਇਆ ਗਿਆ। ਉਕਤ ਵਿਅਕਤੀ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਸ ਦੀ ਪਤਨੀ ਅਤੇ ਨੌਕਰ ਵੀ ਕਰੋਨਾ ਪਾਜ਼ੇਟਿਵ ਪਾਏ ਗਏ ਸਨ ਜਿਨ੍ਹਾਂ ਨੂੰ ਸੈਕਟਰ-32 ਦੇ ਸਰਕਾਰੀ ਮੈਡੀਕਲ ਹਸਪਤਾਲ ’ਚ ਤਬਦੀਲ ਕਰ ਦਿੱਤਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਰੋਨਾ ਦੇ ਨਵੇਂ ਸਰੂਪ ਦਾ ਸਾਹਮਣਾ ਕਰਨ ਲਈ ਸ਼ਹਿਰ ਵਾਸੀਆਂ ਨੂੰ ਕਰੋਨਾ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰੇਕ ਸ਼ਹਿਰ ਵਾਸੀ ਘੱਟੋਂ-ਘੱਟ ਕਰੋਨਾ ਦੀ ਇਕ ਡੋਜ਼ ਲਾਜ਼ਮੀ ਲਗਵਾ ਲਈ ਜਾਵੇ। ਕਰੋਨਾ ਵੈਕਸੀਨ ਲੱਗਣ ਤੋਂ ਬਾਅਦ ਹਰੇਕ ਵਿਅਕਤੀ ਦੇ ਸ਼ਰੀਰ ਦੀ ਤਾਕਤ ਵਾਇਰਸ ਦੇ ਨਵੇਂ ਸਰੂਪ ਲੜ ਸਕੇਗੀ।
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰ ਸਮੇਂ ਮਾਸਕ ਦੀ ਵਰਤੋਂ ਕੀਤੀ ਜਾਵੇ ਅਤੇ ਹੱਥ ਸੈਨੀਟਾਈਜ਼ ਕੀਤੇ ਜਾਣ। ਇਸ ਦੇ ਨਾਲ ਹੀ ਆਪਸ ’ਚ ਦੂਰੀ ਬਣਾ ਕੇ ਰੱਖੀ ਜਾਵੇ।