ਚੰਡੀਗੜ੍ਹ (ਪੱਤਰ ਪ੍ਰੇਰਕ) ਸੈਕਟਰ 9 ਸਥਿਤ ਐਡੀਸ਼ਨਲ ਡੀਲਕਸ ਬਿਲਡਿੰਗ ਦੀ ਪਹਿਲੀ ਮੰਜ਼ਿਲ ਉਤੇ ਯੂ.ਟੀ. ਦੇ ਸਿੱਖਿਆ ਵਿਭਾਗ ਦਫ਼ਤਰ ਵਿੱਚ ਦੋ ਮਹਿਲਾ ਕਰਮਚਾਰੀਆਂ ਨੂੰ ਕੋਰੋਨਾ ਦੀ ਪੁਸ਼ਟੀ ਹੋਣ ਦਾ ਸਮਾਚਾਰ ਹੈ। ਇੱਕ ਕਰਮਚਾਰੀ ਮੋਹਾਲੀ ਦੀ ਵਸਨੀਕ ਹੈ ਜਦਕਿ ਦੂਸਰੀ ਸੈਕਟਰ 20 ਦੀ ਵਸਨੀਕ ਹੈ। ਸਿਹਤ ਵਿਭਾਗ ਵੱਲੋਂ ਮੀਡੀਆ ਬੁਲੇਟਿਨ ਵਿੱਚ ਦੋਵਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਕੀਤੀ ਗਈ ਹੈੇ। ਕੋਰੋਨਾ ਦੇ ਮਰੀਜ਼ ਆਉਣ ਉਪਰੰਤ ਯੂ.ਟੀ. ਚੰਡੀਗੜ੍ਹ ਦੇ ਡਾਇਰੈਕਟਰ ਸਿੱਖਿਆ ਵਿਭਾਗ ਦਫ਼ਤਰ ਵਿਖੇ ਵੱਖ-ਵੱਖ ਸ਼ਾਖਾਵਾਂ ਅਤੇ ਕਮਰਿਆਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਡਾਇਰੈਕਟਰ ਉੱਚ ਸਿੱਖਿਆ ਰੁਬਿੰਦਰਜੀਤ ਸਿੰਘ ਬਰਾੜ ਵੱਲੋਂ ਜਾਰੀ ਹੁਕਮਾਂ ਮੁਤਾਬਕ ਸੈਕਟਰ 9 ਸਥਿਤ ਐਡੀਸ਼ਨਲ ਡੀਲਕਸ ਬਿਲਡਿੰਗ ਦੀ ਪਹਿਲੀ ਮੰਜ਼ਿਲ ਉਤੇ ਸਥਿਤ ਡਾਇਰੈਕਟਰ ਸਕੂਲ ਅਤੇ ਉੱਚ ਸਿੱਖਿਆ ਲਈ ਵੀ ਇਹੋ ਹੁਕਮ ਲਾਗੂ ਰਹਿਣਗੇ। ਪਹਿਲੀ ਮੰਜ਼ਿਲ ਉਤੇ ਸਥਿਤ ਦਫ਼ਤਰ ਦਾ ਸਟਾਫ਼ ਇਨ੍ਹਾਂ ਬੰਦ ਵਾਲੇ ਦਿਨਾਂ ਦੌਰਾਨ ਆਪਣੇ ਘਰਾਂ ਵਿੱਚ ਇਕਾਂਤਵਾਸ ਹੋ ਕੇ ਰਹੇਗਾ। ਦੂਸਰੀਆਂ ਮੰਜ਼ਿਲਾਂ ਉਤੇ ਸਥਿਤ ਸ਼ਾਖਾਵਾਂ ਵਿੱਚ ਕੰਮ-ਕਾਜ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਵੇਗਾ।