ਆਤਿਸ਼ ਗੁਪਤਾ
ਚੰਡੀਗੜ੍ਹ, 3 ਜਨਵਰੀ
ਚੰਡੀਗੜ੍ਹ ਵਿੱਚ ਲਗਾਤਾਰ ਵੱਧ ਰਹੇ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਜਿਸ ਨੇ ਅੱਜ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਸ੍ਰੀ ਬਨਵਾਰੀ ਲਾਲ ਪ੍ਰੋਹਿਤ ਨੇ ਚਾਰ ਮਹੀਨਿਆਂ ਬਾਅਦ ਕਰੋਨਾ ਪ੍ਰਬੰਧਾਂ ਦੀ ਸਮੀਖਿਆ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਵਿੱਚ ਸ਼ਹਿਰ ਵਿਚਲੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇ ਰੌਕ ਗਾਰਡਨ ਅਤੇ ਬਰਡ ਪਾਰਕ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ।
ਪ੍ਰਸ਼ਾਸਨ ਨੇ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਕਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਨੇ ਗੁਆਂਢੀ ਜ਼ਿਲ੍ਹਿਆਂ ਨੂੰ ਵੀ ਕਰੋਨਾ ਦੀ ਰੋਕਥਾਮ ਲਈ ਰਾਜਧਾਨੀ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਦਾ ਜਾਇਜ਼ਾ ਲਿਆ ਤਾਂ ਜੋ ਲੋੜ ਪੈਣ ’ਤੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਦਾ ਇਲਾਜ ਯਕੀਨੀ ਬਣਾਇਆ ਜਾ ਸਕੇ।
ਪੀਜੀਆਈ ਦੇ ਪ੍ਰੋ. ਜੀਡੀ ਪੂਰੀ ਨੇ ਕਿਹਾ ਕਿ ਪੀਜੀਆਈ ਵਿੱਚ 250 ਬੈੱਡ ਕਰੋਨਾ ਮਰੀਜ਼ਾਂ ਲਈ ਰਾਖਵੇਂ ਰੱਖੇ ਗਏ ਹਨ। ਇਸ ਵਿੱਚੋਂ 48 ਬੈੱਡ ’ਤੇ ਮਰੀਜ਼ ਭਰਤੀ ਹਨ। ਇਸੇ ਤਰ੍ਹਾਂ ਸੈਕਟਰ-16 ਹਸਪਤਾਲ ਵਿੱਚ 606 ਬੈੱਡਾਂ ਅਤੇ ਸੈਕਟਰ-32 ਹਸਪਤਾਲ ਵਿੱਚ 250 ਆਕਸੀਜ਼ਨ ਵਾਲੇ ਬੈੱਡ ਅਤੇ 80 ਵੈਂਟੀਲੇਟਰ ਵਾਲੇ ਬੈੱਡ ਉਪਲਬਧ ਹਨ।
ਸਿਹਤ ਸਕੱਤਰ ਯਸ਼ਪਾਲ ਗਰਗ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਨੇ ਕਰੋਨਾ ਦਵਾਈਆਂ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 53.8 ਐੱਮਟੀ ਆਕਸੀਜਨ ਉਪਲੱਬਧ ਹੈ। ਜਦੋਂ ਕਿ ਲੋੜ 49.5 ਐੱਮਟੀ ਦੀ ਹੈ। ਯੂਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਮੁਕੰਮਲ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਥਾਂ-ਥਾਂ ’ਤੇ ਚੈਕਿੰਗ ਕੀਤੀ ਜਾਵੇਗੀ। ਇਸ ਦੌਰਾਨ ਮੁਕੰਮਲ ਟੀਕਾਕਰਨ ਨਾ ਕਰਵਾਉਣ ਵਾਲਿਆਂ ਦੇ ਜੁਰਮਾਨਾ ਵਸੂਲਿਆ ਜਾਵੇਗਾ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਵੀ ਘਰ ਤੋਂ ਬਾਹਰ ਨਿਕਲਣ ਸਮੇਂ ਮਾਸਕ ਲਗਾਉਣ ਅਤੇ ਸਮਾਜਿਕ ਦੁੂਰੀ ਦੇ ਨਿਯਮਾਂ ਦੀ ਪਾਲਣਾ ਲਈ ਪ੍ਰੇਰਿਆ ਗਿਆ। ਦੱਸਣਯੋਗ ਹੈ ਕਿ ਲੰਘੇ ਦਿਨ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਹੈ। ਜਿੱਥੇ ਸਿਰਫ਼ ਸਵੇਰੇ 5 ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ ਨੂੰ 6 ਤੋਂ 8 ਵਜੇ ਤੱਕ ਹੀ ਖੋਲ੍ਹਿਆ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਹੋਟਲ, ਰੈਟਸਟੋਰੈਂਟ ਅਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ’ਤੇ 50 ਫ਼ੀਸਦ ਸਮਰੱਥਾ ਨਾਲ ਖੋਲ੍ਹਣ ਦੇ ਆਦੇਸ਼ ਦਿੱਤੇ ਸਨ।
ਚੰਡੀਗੜ੍ਹ ਵਿੱਚ ਕਰੋਨਾ ਦੇ 75 ਤੇ ਅੰਬਾਲਾ ਵਿੱਚ 41 ਨਵੇਂ ਮਰੀਜ਼
ਚੰਡੀਗੜ੍ਹ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਅੰਕੜਾ ਫਿਰ ਤੋਂ ਵਧ ਰਿਹਾ ਹੈ ਜਿਸ ਦੇ ਚਲਦਿਆਂ ਅੱਜ ਸ਼ਹਿਰ ਵਿੱਚ 75 ਵਿਅਕਤੀਆਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ ਹੈ। ਇਸੇ ਤਰ੍ਹਾਂ ਅੰਬਾਲਾ ਜ਼ਿਲ੍ਹੇ ਵਿਚ ਅੱਜ ਰਿਕਾਰਡ 41 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ ਇਕ ਕਰੋਨਾ ਮਰੀਜ਼ ਦੀ ਮੌਤ ਹੋਈ ਹੈ।