ਕੁਲਦੀਪ ਸਿੰਘ
ਚੰਡੀਗੜ੍ਹ, 13 ਦਸੰਬਰ
ਸ਼ਹਿਰ ਵਿੱਚ ਕਰੋਨਾਵਾਇਰਸ ਦੇ ਅੱਜ 66 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਸੈਕਟਰ-29 ਵਾਸੀ 75 ਸਾਲਾਂ ਦੇ ਕਰੋਨਾ ਪੀੜਤ ਬਜ਼ੁਰਗ ਦੀ ਜੀ.ਐੱਮ.ਸੀ.ਐੱਚ.-32 ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਉਹ ਡਾਇਬੀਟੀਜ਼ ਤੇ ਹਾਈਪਰਟੈਨਸ਼ਨ ਤੋਂ ਵੀ ਪੀੜਤ ਸੀ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 18,638 ਹੋ ਗਿਆ ਹੈ ਜਦਕਿ 114 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖਤਮ ਹੋਇਆ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 766 ਹੈ। ਨਵੇਂ ਮਰੀਜ਼ ਸੈਕਟਰ 7, 8, 18, 19, 21, 22, 23, 27, 33, 35, 36, 37, 38, 39, 40, 41, 43, 44, 45, 46, 47, 49, 50, 52, 63, ਫੈਦਾਂ, ਮਲੌਆ, ਮਨੀਮਾਜਰਾ, ਮੌਲੀ ਜੱਗਰਾਂ ਤੇ ਰਾਮ ਦਰਬਾਰ ਦੇ ਵਸਨੀਕ ਹਨ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਦੇ 47 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 42 ਮਰੀਜ਼ ਪੰਚਕੂਲਾ ਇਲਾਕੇ ਨਾਲ ਸਬੰਧਤ ਹਨ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਸਿਹਤ ਵਿਭਾਗ ਨੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਹੈ ਤੇ ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਕੁਆਰਨਟਾਈਨਨ ਕੀਤਾ ਗਿਆ ਹੈ।
ਰੂਪਨਗਰ (ਬਹਾਦਰਜੀਤ ਸਿੰਘ): ਜ਼ਿਲ੍ਹੇ ਵਿੱਚ ਅੱਜ 26 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਅਤੇ 2 ਵਿਅਕਤੀਆਂ ਦੀ ਮੌਤ ਹੋਈ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 9, ਨੰਗਲ ਇਲਾਕੇ ਵਿੱਚ 6, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿਚ 7, ਚਮਕੌਰ ਸਾਹਿਬ ਇਲਾਕੇ ਵਿੱਚ 2 ਅਤੇ ਭਰਤਗੜ੍ਹ ਇਲਾਕੇ ਵਿੱਚ ਇੱਕ ਅਤੇ ਨੂਰਪੁਰ ਬੇਦੀ ਇਲਾਕਿਆਂ ਵਿੱਚ 3 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 228 ਹੈ। ਅੱਜ ਰੂਪਨਗਰ ਦੇ 48 ਸਾਲਾਂ ਦੇ ਵਿਅਕਤੀ ਅਤੇ ਮੋਰਿੰਡਾ ਦੇ 64 ਸਾਲਾਂ ਦੇ ਵਿਅਕਤੀ ਦੀ ਕਰੋਨਾ ਕਾਰਨ ਮੌਤ ਹੋਈ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 50 ਕੇਸ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 11051 ਹੋ ਗਈ ਹੈ। ਇਸੇ ਦੌਰਾਨ 44 ਮਰੀਜ਼ ਡਿਸਚਾਰਜ ਹੋਏ ਹਨ ਅਤੇ ਐਕਟਿਵ ਕੇਸ 453 ਰਹਿ ਗਏ ਹਨ। ਅੱਜ ਕਰੋਨਾ ਨਾਲ ਅੰਬਾਲਾ ਸ਼ਹਿਰ ਵਾਸੀ 64 ਸਾਲਾਂ ਦੇ ਪੁਰਸ਼ ਦੀ ਮੌਤ ਹੋਈ ਹੈ। ਉਸ ਨੂੰ ਹਾਈਪਰਟੈਨਸ਼ਨ ਦੀ ਸਮੱਸਿਆ ਵੀ ਸੀ। ਇਸ ਮੌਤ ਨਾਲ ਅੰਬਾਲਾ ਜ਼ਿਲ੍ਹੇ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 138 ਹੋ ਗਈ ਹੈ।
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਕਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਐਕਟਿਵ ਕੇਸਾਂ ਦੀ ਗਿਣਤੀ 44 ਹੋ ਗਈ ਹੈ। ਇਸ ਮਹਾਮਾਰੀ ਨਾਲ ਕੁੱਲ 110 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ। ਸਿਹਤ ਵਿਭਾਗ ਨੇ ਅੱਜ 84 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਹਨ।
ਮੁਹਾਲੀ ਜ਼ਿਲ੍ਹੇ ’ਚ ਤਿੰਨ ਮੌਤਾਂ; 107 ਨਵੇਂ ਕੇਸ
ਮੁਹਾਲੀ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਐਤਵਾਰ ਨੂੰ ਕਰੋਨਾ ਦੇ 107 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਕੁੱਲ ਗਿਣਤੀ 16971 ਹੋ ਗਈ ਹੈ। ਅੱਜ 150 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਡੀਸੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਤਿੰਨ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਹੁਣ ਤੱਕ 310 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵੇਰਵਿਆਂ ਅਨੁਸਾਰ ਅੱਜ ਮੁਹਾਲੀ ਸ਼ਹਿਰੀ ਖੇਤਰ ਵਿੱਚ 76 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਲਾਲੜੂ ਵਿੱਚ ਇਕ, ਕੁਰਾਲੀ ਤੇ ਡੇਰਾਬੱਸੀ ਵਿੱਚ 4-4, ਖਰੜ ਵਿੱਚ 6, ਘੜੂੰਆਂ ਵਿੱਚ 7 ਅਤੇ ਢਕੌਲੀ ਵਿੱਚ 9 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ। ਜ਼ਿਲ੍ਹੇ ਵਿੱਚ 2189 ਕੇਸ ਐਕਟਿਵ ਹਨ।