ਕੁਲਦੀਪ ਸਿੰਘ
ਚੰਡੀਗੜ੍ਹ, 2 ਜੂਨ
ਮੁੱਖ ਅੰਸ਼
- ਸਿਟੀ ਬਿਊਟੀਫੁੱਲ ’ਚ ਹੁਣ ਤੱਕ ਪੰਜ ਵਿਅਕਤੀ ਤੋੜ ਚੁੱਕੇ ਨੇ ਦਮ; ਐਕਟਿਵ ਕੇਸਾਂ ਦੀ ਗਿਣਤੀ 82
ਇਥੋਂ ਦੇ ਸੈਕਟਰ-30 ਦੀ ਕਰੋਨਾਵਾਇਰਸ ਪੀੜਤ 80 ਸਾਲਾਂ ਦੀ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ। ਯੂਟੀ ਸਿਹਤ ਵਿਭਾਗ ਨੇ ਇਸ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਔਰਤ ਨੂੰ ਇਲਾਜ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ‘ਪਹਿਲਾਂ ਹੀ ਮਰ ਚੁੱਕੀ’ ਐਲਾਨ ਦਿੱਤਾ। ਉਸ ਦੇ ਸੈਂਪਲ ਲੈ ਕੇ ਟੈਸਟ ਕੀਤੇ ਗਏ ਤਾਂ ਉਹ ਕਰੋਨਾ ਪਾਜ਼ੇਟਿਵ ਪਾਈ ਗਈ। ਊਸ ਨੂੰ ਲਿਵਰ ਤੇ ਪਿਸ਼ਾਬ ਦੀ ਬਿਮਾਰੀ ਵੀ ਸੀ। ਇਸੇ ਦੌਰਾਨ ਸੈਕਟਰ-26 ਸਥਿਤ ਬਾਪੂਧਾਮ ਕਲੋਨੀ ਵਿੱਚ ਕਰੋਨਾਵਾਇਰਸ ਦੇ ਤਿੰਨ ਕੇਸ ਸਾਹਮਣੇ ਆਏ ਹਨ ਜਿਨਾਂ ਵਿੱਚ 40 ਅਤੇ 35 ਸਾਲਾਂ ਦੇ ਦੋ ਪੁਰਸ਼ ਤੇ 15 ਸਾਲਾਂ ਦਾ ਲੜਕਾ ਸ਼ਾਮਲ ਹੈ। 35 ਸਾਲਾਂ ਦਾ ਪੁਰਸ਼ ਪਹਿਲਾਂ ਤੋਂ ਹੀ ਕਰੋਨਾ ਪੀੜਤ ਔਰਤ ਦਾ ਪਤੀ ਹੈ। ਸਿਹਤ ਵਿਭਾਗ ਨੇ ਉਪਰੋਕਤ ਬਜ਼ੁਰਗ ਔਰਤ ਅਤੇ ਬਾਪੂਧਾਮ ਵਾਸੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਊਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਗਾ ਕੇ ਸੈਂਪਲਿੰਗ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ ਵਿੱਚ ਬਜ਼ੁਰਗ ਔਰਤ ਅਤੇ ਬਾਪੂਧਾਮ ਦੇ ਤਿੰਨ ਕੇਸ ਸਾਹਮਣੇ ਆਊਣ ਨਾਲ ਸ਼ਹਿਰ ਵਿੱਚ ਕਰੋਨਾਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ 301 ਹੋ ਗਈ ਹੈ ਜਿਨ੍ਹਾਂ ਵਿੱਚੋਂ ਬਜ਼ੁਰਗ ਸਮੇਤ 5 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਜਦਕਿ 214 ਮਰੀਜ਼ ਠੀਕ ਹੋਣ ਉਪਰੰਤ ਡਿਸਚਾਰਜ ਕੀਤੇ ਜਾ ਚੁੱਕੇ ਹਨ। ਸ਼ਹਿਰ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 82 ਹੈ।