ਪੱਤਰ ਪ੍ਰੇਰਕ
ਚੰਡੀਗੜ੍ਹ, 19 ਦਸੰਬਰ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਅੱਜ 65 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਸੈਕਟਰ-44 ਨਿਵਾਸੀ 57 ਸਾਲਾਂ ਦੇ ਵਿਅਕਤੀ ਦੀ ਮੌਤ ਹੋਈ ਹੈ। ਸ਼ਹਿਰ ਵਿਚ ਮਰੀਜ਼ਾਂ ਦਾ ਕੁੱਲ ਅੰਕੜਾ 19,044 ਤੱਕ ਪੁੱਜ ਗਿਆ ਹੈ। ਇਸ ਤੋਂ ਇਲਾਵਾ ਅੱਜ 105 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਖ਼ਤਮ ਹੋਇਆ ਹੈ ਤੇ ਐਕਟਿਵ ਮਾਮਲੇ 494 ਹਨ। ਰੈਪਿਡ ਅਤੇ ਆਰ.ਟੀ.-ਪੀ.ਸੀ.ਆਰ. ਵਿਧੀਆਂ ਰਾਹੀਂ ਕੀਤੇ ਟੈਸਟਾਂ ਦੌਰਾਨ ਨਵੇਂ ਸਾਹਮਣੇ ਆਏ ਕੇਸ ਸੈਕਟਰ 7, 8, 9, 15, 16, 18, 22, 23, 24, 26, 28, 32, 34, 36, 39, 42, 43, 44, 45, 46, 47, 48, 49, 50, 51, 56, ਇੰਡਸਟਰੀਅਲ ਏਰੀਆ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਨੀਮਾਜਰਾ ਤੇ ਰਾਮ ਦਰਬਾਰ ਨਾਲ ਸਬੰਧਤ ਹਨ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੰਬਾਲਾ ਵਿੱਚ ਕਰੋਨਾ ਮਹਾਮਾਰੀ ਕਾਰਨ 33 ਸਾਲਾਂ ਦੇ ਨੌਜਵਾਨ ਅਤੇ 80 ਸਾਲਾਂ ਦੇ ਬਜ਼ੁਰਗ ਦੀ ਮੌਤ ਹੋਈ ਹੈ। ਨੌਜਵਾਨ ਮੁਲਾਣਾ ਦਾ ਰਹਿਣ ਵਾਲਾ ਸੀ ਅਤੇ ਉਸ ਨੂੰ ਦਿਲ ਦੀ ਬੀਮਾਰੀ ਸੀ। ਉਹ ਵੈਂਟੀਲੇਟਰ ਸਪੋਰਟ ’ਤੇ ਸੀ। ਮ੍ਰਿਤਕ ਬਜ਼ੁਰਗ ਅੰਬਾਲਾ ਸ਼ਹਿਰ ਦਾ ਰਹਿਣ ਵਾਲਾ ਸੀ। ਉਸ ਨੂੰ ਸ਼ੂਗਰ ਤੇ ਹਾਈਪਰਟੈਨਸ਼ਨ ਦੀ ਸਮੱਸਿਆ ਸੀ। ਜ਼ਿਲ੍ਹੇ ਵਿਚ ਕਰੋਨਾ ਨਾਲ ਮਰਨ ਵਾਲਿਆਂ ਮਰੀਜ਼ਾਂ ਦੀ ਗਿਣਤੀ ਕੁੱਲ 142 ਤੱਕ ਪਹੁੰਚ ਗਈ ਹੈ। ਅੱਜ ਅੰਬਾਲਾ ਜ਼ਿਲ੍ਹੇ ਵਿਚ 25 ਨਵੇਂ ਪਾਜ਼ੇਟਿਵ ਕੇਸ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 11222 ਹੋ ਗਈ ਹੈ ਜਦੋਂ ਕਿ ਐਕਟਿਵ ਮਰੀਜ਼ 282 ਰਹਿ ਗਏ ਹਨ।
ਪੰਚਕੂਲਾ (ਪੀ.ਪੀ. ਵਰਮਾ): ਜ਼ਿਲ੍ਹੇ ਵਿੱਚ 36 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 34 ਕੇਸ ਪੰਚਕੂਲਾ ਇਲਾਕੇ ਦੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਦੋ ਮਹਿਲਾਵਾਂ ਦੀ ਮੌਤ ਹੋਈ ਹੈ। ਇੱਕ ਮਹਿਲਾ ਕਾਲਕਾ ਦੀ ਵਸਨੀਕ ਸੀ ਅਤੇ ਦੂਜੀ ਪਿੰਡ ਮੜਾਂਵਾਲਾ ਦੀ ਰਹਿਣ ਵਾਲੀ ਸੀ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਕੁਆਰਨਟਾਈਨ ਕੀਤਾ ਜਾ ਰਿਹਾ ਹੈ।
ਰੂਪਨਗਰ (ਬਹਾਦਰਜੀਤ ਸਿੰਘ): ਜ਼ਿਲ੍ਹੇ ਵਿੱਚ ਅੱਜ 23 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਰੂਪਨਗਰ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 2, ਨੰਗਲ ਇਲਾਕੇ ਵਿੱਚ 5, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿਚ 13, ਮੋੋਰਿੰਡਾ ਇਲਾਕੇ ਵਿੱਚ ਇੱਕ ਅਤੇ ਭਰਤਗੜ੍ਹ ਇਲਾਕੇ ਵਿੱਚ ਦੋ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹੇ ਵਿੱਚ ਐਕਟਿਵ ਕਰੋਨਾ ਕੇਸਾਂ ਦੀ ਗਿਣਤੀ 235 ਹੈ।
ਮੁਹਾਲੀ ਜ਼ਿਲ੍ਹੇ ਵਿੱਚ 3 ਮੌਤਾਂ, 60 ਹੋਰ ਨਵੇਂ ਮਾਮਲੇ
ਮੁਹਾਲੀ (ਪੱਤਰ ਪ੍ਰੇਰਕ): ਜ਼ਿਲ੍ਹੇ ਵਿੱਚ ਅੱਜ ਕਰੋਨਾ ਦੇ 60 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 17 ਹਜ਼ਾਰ 463 ’ਤੇ ਪਹੁੰਚ ਗਈ ਹੈ। ਅੱਜ 146 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਤਿੰਨ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ ਹੁਣ ਤੱਕ 325 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਸ਼ਹਿਰੀ ਖੇਤਰ ਵਿੱਚ 33 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂਕਿ ਘੜੂੰਆਂ ਤੇ ਬੂਥਗੜ੍ਹ ਵਿੱਚ 2-2, ਖਰੜ ਵਿੱਚ 3, ਲਾਲੜੂ ਵਿੱਚ 4, ਢਕੌਲੀ ਵਿੱਚ 7 ਅਤੇ ਡੇਰਾਬੱਸੀ ਵਿੱਚ 9 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ ਹਨ।